ਪਰਾਲੀ ਨੂੰ ਖੇਤਾਂ 'ਚ ਹੀ ਮਿਲਾਕੇ ਕਣਕ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਆਦੇਸ਼
ਪਰਾਲੀ ਨੂੰ ਖੇਤਾਂ ‘ਚ ਹੀ ਮਿਲਾਕੇ ਕਣਕ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਆਦੇਸ਼
-ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ
-ਸਰਫੇਸ ਸੀਡਰ ਵਰਤਣ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਦਿੱਤੀ ਸਿਖਲਾਈ
-ਕਿਹਾ, ਕਣਕ ਦੀ ਬਿਜਾਈ ਲਈ ਨਵੰਬਰ ਦੇ ਆਖਰੀ ਹਫ਼ਤੇ ਤੱਕ ਢੁੱਕਵਾਂ ਸਮਾਂ, ਕਿਸਾਨ ਪਰਾਲੀ ਨਾ ਸਾੜਨ
ਪਟਿਆਲਾ, 30 ਅਕਤੂਬਰ:
ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਲੋੜੀਂਦੀਆਂ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ।
ਅੱਜ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਨਾਲ ਰਾਬਤਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੀ ਲੋੜ ਮੁਤਾਬਕ ਸੁਪਰ ਸੀਡਰ, ਹੈਪੀ ਸੀਡਰ ਤੇ ਸਰਫੇਸ ਸੀਡਰ ਕਣਕ ਦੀ ਬਿਜਾਈ ਲਈ ਮੁਹੱਈਆ ਕਰਵਾਏ ਜਾ ਸਕਣ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਮਾਹਰਾਂ ਦੀ ਰਾਇ ਮੁਤਾਬਕ ਕਣਕ ਦੀ ਬਿਜਾਈ ਲਈ ਨਵੰਬਰ ਦੇ ਆਖਰੀ ਹਫ਼ਤੇ ਤੱਕ ਢੁੱਕਵਾਂ ਸਮਾਂ ਅਜੇ ਹੈ, ਇਸ ਲਈ ਕਿਸਾਨ ਪਰਾਲੀ ਤੇ ਝੋਨੇ ਦੀ ਹੋਰ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਬਜਾਇ ਇਸ ਨੂੰ ਜਮੀਨ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਨ।
ਉਨ੍ਹਾਂ ਕਿਸਾਨਾਂ ਨੂੰ ਵਟਸਐਪਚੈਟਬੋਟ ਨੰਬਰ 7380016070 ਦਾ ਪੂਰਾ ਲਾਭ ਲੈਣ ਦੀ ਵੀ ਅਪੀਲ ਕੀਤੀ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੇ ਨਾੜ ਤੇ ਫ਼ਸਲਾਂ ਦੀ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਰਫੇਸ ਸੀਡਰ ਦੀ ਡੈਮੋ ਦੇ ਕੇ ਇਸ ਦੀ ਵਰਤੋਂ ਕਰਨੀ ਵੀ ਸਿਖਾਈ ਜਾਵੇਗੀ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਸ਼ੀਨ ਦੀ ਕਾਢ ਕੱਢਣ ਵਾਲੇ ਇੰਜੀਨੀਅਰ ਡਾ. ਜਸਵੀਰ ਸਿੰਘ ਗਿੱਲ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐਮ.ਐਸ. ਭੁੱਲਰ ਨੇ ਸਰਫੇਸ ਸੀਡਰ ਵਰਤਣ ਬਾਰੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਤਾਂ ਕਿ ਕਿਸਾਨਾਂ ਦੇ ਸਰਫੇਸ ਸੀਡਰ ਬਾਰੇ ਤੌਖਲੇ ਦੂਰ ਕਰਕੇ ਇਸ ਦੇ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਮਾਹਰਾਂ ਨੇ ਦੱਸਿਆ ਕਿ ਸਰਫੇਸ ਸੀਡਰ ਨਾੜ ਤੇ ਪਰਾਲੀ ਨੂੰ ਖੇਤਾਂ ਵਿੱਚ ਮਲਚ ਵੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਵਰਤਣ ਵਾਲੇ ਖੇਤਾਂ ਵਿੱਚ ਗਿੱਲ ਜਿਆਦਾ ਨਾ ਹੋਵੇ, ਇਸ ਨਾਲ ਬਿਜਾਈ ਘੇਰੇ ਰੁਖ ਕਰਨ ਤੋਂ ਪਹਿਲਾਂ ਬੀਜ ਨੂੰ ਉੱਲੀ ਤੇ ਕੀਟਾਂ ਦੇ ਖਾਣ ਤੋਂ ਤੋਂ ਬਚਾਉਣ ਲਈ ਬੀਜ ਨੂੰ ਸੋਧਿਆ ਜਾਵੇ ਤੇ ਬਿਜਾਈ ਉਪਰੰਤ ਪਹਿਲੇ ਪਾਣੀ ਮੌਕੇ ਨਾਈਟ੍ਰੋਜਨ ਪਾ ਕੇ ਪਾਣੀ ਲਗਾਇਆ ਜਾਵੇ।