ਪੰਜਾਬੀ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਲਗਾਇਆ
ਪੰਜਾਬੀ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਲਗਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਇੱਕ ਵੱਡਾ ਖੂਨਦਾਨ ਕੈਂਪ ਲਗਵਾਇਆ ਗਿਆ। ਰੈੱਡ ਰਿਬਨ ਕਲੱਬ ਅਤੇ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ਼ ਗੁਰੂ ਤੇਗ ਬਹਾਦਰ ਹਾਲ ਵਿਖੇ ਲਗਵਾਏ ਗਏ ਇਸ ਕੈਂਪ ਵਿੱਚ 130 ਵਲੰਟੀਅਰਾਂ ਨੇ ਖੂਨਦਾਨ ਕੀਤਾ ਗਿਆ। ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਵਧਦੀ ਹੋਈ ਗਿਣਤੀ ਕਾਰਨ ਖੂਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿਚ 160 ਵਲੰਟੀਅਰਾਂ ਅਤੇ ਕਰਮਚਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਜਿਨ੍ਹਾਂ ਵਿੱਚੋਂ 130 ਵਲੰਟੀਅਰਾਂ ਅਤੇ ਕਰਮਚਾਰੀਆਂ ਨੇ ਖੂਨਦਾਨ ਕੀਤਾ।
ਵਾਈਸ ਚਾਂਸਲਰ ਸਾਹਿਬ ਪ੍ਰੋ. ਅਰਵਿੰਦ ਵੱਲੋਂ ਇਸ ਕੈਂਪ ਦੇ ਉਦਘਾਟਨ ਸਮੇਂ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੂਨਦਾਨ ਕਰਨ ਨਾਲ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਸਗੋਂ ਨਵਾਂ ਖੂਨ ਬਣਾਉਣ ਵਿਚ ਮਦਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਸ ਨਾਲ ਕਈ ਡੇਂਗੂ ਦੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਪ੍ਰੋ. ਮਮਤਾ ਸ਼ਰਮਾ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੇ ਡਾ. ਸੁਖਵਿੰਦਰ ਸਿੰਘ ਦੀ ਟੀਮ ਅਤੇ ਵਲੰਟੀਅਰਾਂ ਦਾ ਇਸ ਮਹਾਨ ਕਾਰਜ ਵਿਚ ਜੁੜਨ ਲਈ ਧੰਨਵਾਦ ਕੀਤਾ। ਇਸ ਖੂਨਦਾਨ ਕੈਂਪ ਵਿੱਚ ਵਲੰਟੀਅਰਾਂ ਤੋਂ ਇਲਾਵਾ ਯੂਨੀਵਰਸਿਟੀ ਕੈਂਪਸ ਦੇ ਬੀ ਅਤੇ ਸੀ ਕਰਮਚਾਰੀ ਸੰਘ ਦੇ ਪ੍ਰਧਾਨ ਸ. ਰਜਿੰਦਰ ਸਿੰਘ ਬਾਗੜੀਆਂ ਅਤੇ ਬਾਕੀ ਮੈਂਬਰਾਂ ਵੱਲੋ ਵੀ ਖੂਨ ਦੇਣ ਲਈ ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਖੂਨ ਦਿੱਤਾ ਗਿਆ। ਗੁਰੂ ਨਾਨਕ ਆਸ਼ਰਮ ਤੋਂ ਭਾਈ ਸੁਰਿੰਦਰ ਸਿੰਘ ਅਤੇ ਮੋਹਨਦੀਪ ਸਿੰਘ ਨੇ ਵੀ ਉਚੇਚੇ ਤੌਰ ਉੱਤੇ ਸ਼ਾਮਿਲ ਹੋ ਕੇ ਖੂਨਦਾਨ ਕੀਤਾ।
ਕੈਂਪ ਦੇ ਆਯੋਜਨ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ, ਇੰਜ.ਚਰਨਜੀਵ ਸਰੋਆ ਅਤੇ 75 ਵਲੰਟੀਅਰਾਂ ਨੇ ਭਾਗ ਲਿਆ, ਇਨਾਂ ਵੰਲਟੀਅਰਾਂ ਵੱਲੋ ਕਲਾਸਾਂ ਵਿਚ ਜਾ-ਜਾ ਕੇ ਖੂਨਦਾਨ ਲਈ ਪ੍ਰੇਰਿਤ ਕੀਤਾ ਇਸ ਕੈਂਪ ਵਿੱਚ ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ, ਜਸਦੇਵ ਸਿੰਘ ਸੰਧੂ ਕਾਲਜ, ਕੋਲੀ ਅਤੇ ਪੀ.ਐਮ.ਐਨ. ਕਾਲਜ, ਰਾਜਪੁਰਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।