ਪ੍ਰਨੀਤ ਕੌਰ ਨੇ ਬੀਐਸਐਫ ਜਵਾਨ ਅਵਤਾਰ ਸਿੰਘ ਦੇ ਘਰ ਪਹੁੰਚਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਪ੍ਰਨੀਤ ਕੌਰ ਨੇ ਬੀਐਸਐਫ ਜਵਾਨ ਅਵਤਾਰ ਸਿੰਘ ਦੇ ਘਰ ਪਹੁੰਚਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਪੰਜਾਬ ਸਰਕਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਕੀਤੀ ਮੰਗ
ਪਟਿਆਲਾ, 17 ਅਕਤੂਬਰ
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅੱਜ ਸ਼ਹੀਦ ਬੀ.ਐਸ.ਐਫ ਜਵਾਨ ਅਵਤਾਰ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਨੌਰ ਦੇ ਪਿੰਡ ਖਾਂਸੀਆਂ ਦੇ ਰਹਿਣ ਵਾਲੇ ਅਵਤਾਰ ਸਿੰਘ ਦੀ 8 ਅਕਤੂਬਰ ਦੀ ਰਾਤ ਨੂੰ ਮੌਤ ਹੋ ਗਈ ਸੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਅੱਜ ਮੈਂ ਬੀਐਸਐਫ 200 ਬਟਾਲੀਅਨ ਦੇ ਬਹਾਦਰ ਜਵਾਨ ਅਵਤਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਖਾਂਸੀਆਂ ਆਇਆ ਹਾਂ, ਜਿਨ੍ਹਾਂ ਦੀ ਬਦਕਿਸਮਤੀ ਨਾਲ ਪਿਛਲੇ ਦਿਨੀਂ ਮੌਤ ਹੋ ਗਈ ਸੀ। ਅਜਿਹੇ ਨੌਜਵਾਨ ਅਤੇ ਹੋਣਹਾਰ ਸਿਪਾਹੀ ਦਾ ਵਿਛੋੜਾ ਕੇਵਲ ਪਰਿਵਾਰ ਲਈ ਹੀ ਨਹੀਂ ਸਗੋਂ ਸਾਡੇ ਸਾਰਿਆਂ ਲਈ ਵੀ ਦੁਖਦਾਈ ਹੈ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਇਸ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।”
ਉਨ੍ਹਾਂ ਅੱਗੇ ਕਿਹਾ, “ਜਦੋਂ ਕਿ ਉਨ੍ਹਾਂ ਦੀ ਬਟਾਲੀਅਨ ਨੇ ਸ਼ਹੀਦ ਨੂੰ ਸਾਰੇ ਸਨਮਾਨ ਪ੍ਰਦਾਨ ਕੀਤੇ ਸਨ, ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹੀਦ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਸ਼ਹੀਦ ਅਵਤਾਰ ਦੇ ਅੰਤਿਮ ਸੰਸਕਾਰ ਸਮੇਂ ਸਰਕਾਰ ਦੇ ਪਾਸੇ ਤੋਂ ਕੋਈ ਵੀ ਪਹੁੰਚ ਕੇ ਸ਼ਹੀਦ ਅਵਤਾਰ ਸਿੰਘ ਨੂੰ ਬਣਦਾ ਸਰਕਾਰੀ ਸਨਮਾਨ ਪ੍ਰਦਾਨ ਨਹੀਂ ਕਰ ਪਾਇਆ। ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਨੂੰ ਬੇਨਤੀ ਅਤੇ ਮੰਗ ਕਰਦੀ ਹਾਂ ਕਿ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜਿਵੇਂ ਕਿ ਉਨ੍ਹਾਂ ਨੇ ਹੋਰ ਸੈਨਿਕਾਂ ਦੇ ਕੇਸਾਂ ਵਿੱਚ ਕੀਤਾ ਹੈ।”
ਐਸ.ਵਾਈ.ਐਲ ਮੁੱਦੇ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਪ੍ਰਨੀਤ ਕੌਰ ਨੇ ਕਿਹਾ, “ਐਸ.ਵਾਈ.ਐਲ ਮੁੱਦੇ ‘ਤੇ ਕੋਈ ਦੋਹਰਾਏ ਨਹੀਂ, ਕੈਪਟਨ ਅਮਰਿੰਦਰ ਸਿੰਘ ਜੀ ਦਾ ਸਟੈਂਡ ਅਤੇ ਇਸ ਮੁੱਦੇ ‘ਤੇ ਸਾਡਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ ਕਿ ਪੰਜਾਬ ਕੋਲ ਦੂਜੇ ਰਾਜਾਂ ਨਾਲ ਸਾਂਝਾ ਕਰਨ ਲਈ ਇੱਕ ਬੂੰਦ ਵੀ ਨਹੀਂ ਹੈ।”
ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲਾਂ ਵੀ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਹ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਇੱਕ-ਇੱਕ ਪੈਸੇ ਦੀ ਭਰਪਾਈ ਕਰਨਗੇ ਅਤੇ ਸਾਨੂੰ ਉਮੀਦ ਸੀ ਕਿ ਉਹ ਅਜਿਹਾ ਕਰਨਗੇ। ਪਰ ਅੱਜ ਤੱਕ ਜ਼ਮੀਨੀ ਪੱਧਰ ‘ਤੇ ਸਾਡੇ ਕਿਸਾਨਾਂ ਤੱਕ ਕੋਈ ਉਚਿਤ ਮੁਆਵਜ਼ਾ ਨਹੀਂ ਪਹੁੰਚਿਆ ਹੈ। ਪੰਜਾਬ ਦਾ ਇੰਨਾ ਪੈਸਾ ਆਪਣੀ ਪਾਰਟੀ ਦੇ ਇਸ਼ਤਿਹਾਰਾਂ ‘ਤੇ ਖਰਚਣ ਦੀ ਬਜਾਏ ਮਾਨਯੋਗ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਾਡਾ ਪੈਸਾ ਸਾਡੇ ਕਿਸਾਨਾਂ ਅਤੇ ਸਾਡੇ ਸ਼ਹੀਦਾਂ ਨੂੰ ਮੁਆਵਜ਼ਾ ਦੇਣ ‘ਤੇ ਖਰਚ ਕਰਨ।”