ਪਰਾਲੀ ਦੀਆਂ ਗੱਠਾਂ ਬਣਾ ਕੇ ਵਾਤਾਵਰਨ ਬਚਾਉਣ ਲਈ ਹੰਭਲਾ ਮਾਰ ਰਹੇ ਪਿੰਡ ਗੁੱਜਰਾਂ ਦੇ ਕਿਸਾਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹੌਸਲਾ ਅਫ਼ਜ਼ਾਈ

ਪਰਾਲੀ ਦੀਆਂ ਗੱਠਾਂ ਬਣਾ ਕੇ ਵਾਤਾਵਰਨ ਬਚਾਉਣ ਲਈ ਹੰਭਲਾ ਮਾਰ ਰਹੇ ਪਿੰਡ ਗੁੱਜਰਾਂ ਦੇ ਕਿਸਾਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹੌਸਲਾ ਅਫ਼ਜ਼ਾਈ
ਐਸ. ਡੀ. ਐਮ. ਦਿੜ੍ਹਬਾ ਰਾਜੇਸ਼ ਸ਼ਰਮਾ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਪਰਾਲੀ ਦੇ ਕੁਦਰਤੀ ਢੰਗ ਨਾਲ ਨਿਬੇੜੇ ਦੀ ਕੀਤੀ ਅਪੀਲ
ਗੁੱਜਰਾਂ/ਸੰਗਰੂਰ, 4 ਨਵੰਬਰ : ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਰੁਝਾਨ ਦੇ ਉਲਟ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਦੇ ਕਿਸਾਨ ਇਸਦੀਆਂ ਗੱਠਾਂ ਬਣਾ ਕੇ ਵਾਤਾਵਰਨ ਬਚਾਉਣ ਲਈ ਹੰਭਲੇ ਮਾਰ ਰਹੇ ਹਨ । ਇਨ੍ਹਾਂ ਕਿਸਾਨਾਂ ਦੇ ਇਨ੍ਹਾਂ ਸਾਰਥਕ ਉਪਰਾਲਿਆਂ ਦੀ ਹੌਸਲਾ ਅਫ਼ਜ਼ਾਈ ਲਈ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ‘ਤੇ ਐਸ. ਡੀ. ਐਮ. ਦਿੜ੍ਹਬਾ ਰਾਜੇਸ਼ ਸ਼ਰਮਾ ਵੱਲੋਂ ਅੱਜ ਸਥਾਨਕ ਪਿੰਡ ਦੇ ਖੇਤਾਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਲਰ ਮਸ਼ੀਨ ਉੱਪਰ ਸਬਸਿਡੀ ਮੁਹੱਈਆ ਕਰਵਾਈ ਗਈ ਹੈ ਜੋ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਬੇਲਰ ਨਾਲ ਪਰਾਲੀ ਇਕੱਠੀ ਕਰਨ ਨਾਲ ਸਿਰਫ਼ ਕਿਸਾਨਾਂ ਨੂੰ ਹੀ ਵਾਧੂ ਆਮਦਨ ਨਹੀਂ ਹੋ ਰਹੀ ਸਗੋਂ ਉਨ੍ਹਾਂ ਨਾਲ ਜੁੜੇ ਮਜਦੂਰਾਂ ਨੂੰ ਵੀ ਚੋਖੀ ਆਮਦਨੀ ਹੋ ਰਹੀ ਹੈ । ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹ ਆਪਣੇ ਨੇੜੇ-ਤੇੜੇ ਚਲਦੇ ਬੇਲਰੇ ਨਾਲ ਸੰਪਰਕ ਕਰਨ ਜੋ ਮੁਫ਼ਤ ਵਿੱਚ ਹੀ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਲੈ ਕੇ ਜਾਣਗੇ । ਐਸ. ਡੀ. ਐਮ. ਨੇ ਕਿਹਾ ਕਿ ਇਨ੍ਹਾਂ ਅਗਾਂਹਵਧੂ ਕਿਸਾਨਾਂ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਨਾਲ-ਨਾਲ ਆਪਣੀ ਕਮਾਈ ਦੇ ਸਾਧਨਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਲਰ ਉੱਪਰ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸਦਾ ਲਾਭ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬੇਲਰ ਮਸ਼ੀਨਾਂ ਦੀ ਮਦਦ ਨਾਲ ਇਲਾਕੇ ਦੇ ਕਈ ਕਿਸਾਨ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਮਦਦ ਕਰਨ ਦੇ ਨਾਲ-ਨਾਲ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤ ਕਰ ਰਹੇ ਹਨ ।
