ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੀ ਵਰਤੋਂ ਸਬੰਧੀ ਕਿਸਾਨਾਂ ਨੂੰ ਦਿੱਤੀ ਗਈ ਜਾਣਕਾਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 05 November, 2024, 03:44 PM

ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੀ ਵਰਤੋਂ ਸਬੰਧੀ ਕਿਸਾਨਾਂ ਨੂੰ ਦਿੱਤੀ ਗਈ ਜਾਣਕਾਰੀ
-ਬੇਲੋੜੀ ਖਾਦਾਂ ਦੀ ਵਰਤੋਂ ਨਾਲ ਕਿਸਾਨਾਂ ਦਾ ਹੁੰਦੇ ਆਰਥਿਕ ਨੁਕਸਾਨ : ਏ. ਡੀ. ਸੀ.
-ਕਿਸਾਨ ਖੇਤਾਂ ’ਚ ਜ਼ਮੀਨ ਦੀ ਲੋੜ ਅਨੁਸਾਰ ਹੀ ਖਾਦ ਦੀ ਵਰਤੋਂ ਕਰਨ : ਖੇਤੀਬਾੜੀ ਅਫ਼ਸਰ
ਪਟਿਆਲਾ, 5 ਨਵੰਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾ ਕੇ ਖਾਦਾਂ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ । ਇਸ ਸਬੰਧੀ ਵਿਭਾਗ ਵੱਲੋਂ ਪਿੰਡ ਲਲੌਛੀ, ਰਾਜਗੜ ਤੇ ਕੁਤਬਨਪੁਰ ਸਮੇਤ ਕਰੀਬ ਜ਼ਿਲੇ ਦੇ ਹਰੇਕ ਬਲਾਕ ਵਿੱਚ ਕੈਂਪ ਲਗਾਏ ਗਏ।
ਇਨਾਂ ਕੈਂਪਾਂ ਵਿੱਚ ਖੇਤੀਬਾੜੀ ਮਾਹਰਾਂ ਨਾਲ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪਿ੍ਰਤਾ ਜੌਹਲ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ । ਕੈਂਪ ਦੌਰਾਨ ਏਡੀਸੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ਸਲਾਂ ਲਈ ਖਾਦਾਂ ਦੀ ਵਰਤੋਂ ਕਿਸਾਨ ਮਾਹਰਾਂ ਦੀ ਸਲਾਹ ਨਾਲ ਹੀ ਕਰਨ, ਤਾਂ ਜੋ ਬੇਲੋੜੀਆਂ ਖਾਦਾਂ ਦੀ ਵਰਤੋਂ ਨਾਲ ਹੁੰਦੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਜ਼ਿਆਦਾ ਖਾਦਾਂ ਅਤੇ ਸਪਰੇਆਂ ਨਾਲ ਫ਼ਸਲ ਦੀ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਦਾ ਹੈ ਤੇ ਕਈ ਵਾਰ ਅਨਾਜ ਖਾਣਯੋਗ ਵੀ ਨਹੀਂ ਰਹਿੰਦਾ, ਇਸ ਲਈ ਇਹ ਜ਼ਰੂਰੀ ਹੈ ਕਿ ਖਾਦਾਂ ਦੀ ਵਰਤੋਂ ਮਾਹਰਾਂ ਦੀ ਸਲਾਹ ਅਨੁਸਾਰ ਲੋੜ ਮੁਤਾਬਕ ਹੀ ਕੀਤੀ ਜਾਵੇ । ਕੈਂਪ ਵਿੱਚ ਖੇਤੀਬਾੜੀ ਅਫ਼ਸਰ ਅਜੈ ਪਾਲ ਸਿੰਘ ਬਰਾੜ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਜ਼ਮੀਨ ਦੀ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਵਿੱਚ ਡੀ. ਏ. ਪੀ. ਖਾਦ ਮੁੱਖ ਤੌਰ ਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਵਰਤੀ ਜਾਂਦੀ ਹੈ । ਇਸ ਵਿਚ 46 ਫ਼ੀਸਦੀ ਫਾਸਫੋਰਸ ਦੇ ਨਾਲ-ਨਾਲ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ । ਉਨਾਂ ਕਿਹਾ ਕਿ ਇਸ ਖਾਦ ਦੇ ਬਦਲ ਵੱਜੋ ਕੁਝ ਹੋਰ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਪਰ ਉਨਾਂ ਦੀ ਲੋੜੀਂਦੀ ਮਾਤਰਾ ਡੀ. ਏ. ਪੀ. ਨਾਲੋਂ ਵੱਖਰੀ ਹੋ ਸਕਦੀ ਹੈ। ਇਹੋ ਜਿਹੀ ਇਕ ਖਾਦ ਐਨ. ਪੀ. ਕੇ. (12:32:16) ਹੈ ਜਿਸ ਵਿੱਚ 32 ਫ਼ੀਸਦੀ ਫਾਸਫੋਰਸ, 12 ਫ਼ੀਸਦੀ ਨਾਈਟ੍ਰੋਜਨ ਅਤੇ 16 ਫ਼ੀਸਦੀ ਪੋਟਾਸ਼ੀਅਮ ਤੱਤ ਮੌਜੂਦ ਹੁੰਦੇ ਹਨ । ਇੱਕ ਬੋਰਾ ਡੀ.ਏ.ਪੀ. ਦੀ ਜਗਾ 1.5 ਬੋਰਾ ਐਨ. ਪੀ. ਕੇ. (12:32:16) ਵਰਤੀ ਜਾ ਸਕਦੀ ਹੈ । ਉਨਾਂ ਦੱਸਿਆ ਕਿ ਕਿਸਾਨ ਇਸ ਤੋਂ ਇਲਾਵਾ ਸਿੰਗਲ ਸੁਪਰਫਾਸਫੇਟ ਖਾਦ ਦੇ 3 ਬੋਰਿਆਂ ਜਾਂ ਟਿ੍ਰਪਲ ਸੁਪਰਫਾਸਫੇਟ ਖਾਦ ਦੇ ਇੱਕ ਬੋਰੇ ਦੀ ਵਰਤੋਂ ਡੀ. ਏ. ਪੀ. ਖਾਦ ਦੇ ਇੱਕ ਬੋਰੇ ਦੀ ਜਗਾ ਕਰ ਸਕਦੇ ਹਨ ।