ਡੀਲਰਾਂ ਵੱਲੋਂ ਡੀ. ਏ. ਪੀ ਦੇ ਨਾਲ ਕਿਸਾਨਾਂ ਨੂੰ ਬੇਲੋੜੀਆਂ ਵਸਤਾਂ ਦੀ ਵਿਕਰੀ ਬਰਦਾਸ਼ਤ ਨਹੀਂ ਕਰਾਂਗੇ : ਸੰਦੀਪ ਰਿਸ਼ੀ

ਡੀਲਰਾਂ ਵੱਲੋਂ ਡੀ. ਏ. ਪੀ ਦੇ ਨਾਲ ਕਿਸਾਨਾਂ ਨੂੰ ਬੇਲੋੜੀਆਂ ਵਸਤਾਂ ਦੀ ਵਿਕਰੀ ਬਰਦਾਸ਼ਤ ਨਹੀਂ ਕਰਾਂਗੇ : ਸੰਦੀਪ ਰਿਸ਼ੀ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ, ਡੀਲਰਾਂ ਦੀ ਜਾਂਚ ਲਈ ਚੌਕਸੀ ਟੀਮਾਂ ਤਾਇਨਾਤ
ਸੰਗਰੂਰ, 1 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਕੇ ਅਜਿਹੇ ਡੀਲਰਾਂ ਨੂੰ ਠੱਲ ਪਾਉਣ ਦੇ ਹੁਕਮ ਦਿੱਤੇ ਹਨ ਜਿਹੜੇ ਡੀਏਪੀ ਦੀ ਕਮੀ ਦਾ ਬਹਾਨਾ ਬਣਾ ਕੇ ਡੀ. ਏ. ਪੀ. ਦੀ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਵਸੂਲਣ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਕੁਝ ਬੇਲੋੜੀਆਂ ਵਸਤਾਂ ਵੀ ਡੀਏਪੀ ਦੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ । ਡਿਪਟੀ ਕਮਿਸ਼ਨਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਮੂਹ ਕਾਰਜਕਾਰੀ ਮੈਜਿਸਟਰੇਟ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਾਂਝੀਆਂ ਟੀਮਾਂ ਬੜਾ ਕੇ ਡੀਲਰਾਂ ਦੀ ਅਚਨਚੇਤ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਕਿਸਾਨਾਂ ਨੂੰ ਰੱਬੀ ਦੀ ਬਿਜਾਈ ਵਾਸਤੇ ਡੀ.ਏ.ਪੀ ਅਤੇ ਡੀ. ਏ. ਪੀ. ਖਾਦ ਦੇ ਬਦਲਵੇਂ ਸਰੋਤ ਮੁਹਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਕਿਸਾਨ ਨੂੰ ਕਣਕ ਦੀ ਫ਼ਸਲ ਲਈ ਲੋੜੀਦੀਆਂ ਖਾਦਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਡੀਲਰਾਂ ਵੱਲੋਂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਖਾਦ ਦੀ ਕਾਲਾਬਜ਼ਾਰੀ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਦਾ ਜਿੱਥੇ ਵਿੱਤੀ ਨੁਕਸਾਨ ਹੁੰਦਾ ਹੈ ਓਥੇ ਹੀ ਮਾਹੌਲ ਵਿੱਚ ਵੀ ਅਸ਼ਾਂਤੀ ਪੈਦਾ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਡੀਲਰਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਬਿਲਕੁਲ ਨਾ ਕਰਨ ਅਤੇ ਜੇਕਰ ਜ਼ਿਲ੍ਹਾ ਸੰਗਰੂਰ ਵਿੱਚ ਚੌਕਸੀ ਟੀਮਾਂ ਦੀ ਜਾਂਚ ਪੜਤਾਲ ਦੌਰਾਨ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਡੀਲਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।
