ਐਸ. ਡੀ. ਐਮ ਸੂਬਾ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਲਦਾਲ ਵਿੱਚ ਕੀਤਾ ਐਕਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Friday, 01 November, 2024, 12:28 PM

ਐਸ. ਡੀ. ਐਮ ਸੂਬਾ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਲਦਾਲ ਵਿੱਚ ਕੀਤਾ ਐਕਸ਼ਨ
ਕਰੀਬ 9 ਏਕੜ ਰਕਬੇ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ
ਲਹਿਰਾਗਾਗਾ, 1 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ ਕਈ ਹਫਤਿਆਂ ਤੋਂ ਸਬ ਡਵੀਜ਼ਨ ਲਹਿਰਾਗਾਗਾ ਵਿੱਚ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਸਾਂਝੇ ਤੌਰ ਤੇ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀਆਂ ਹਨ। ਇਹ ਟੀਮਾਂ ਐਸ. ਡੀ. ਐਮ ਸੂਬਾ ਸਿੰਘ ਅਤੇ ਡੀ. ਐਸ. ਪੀ. ਦੀਪਿੰਦਰਪਾਲ ਸਿੰਘ ਜੇਜੀ ਦੀ ਅਗਵਾਈ ਹੇਠ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਸੁਚੇਤ ਕਰ ਰਹੀਆਂ ਹਨ । ਇਸ ਤੋਂ ਇਲਾਵਾ ਜੇਕਰ ਕਿਸੇ ਖੇਤ ਵਿੱਚ ਪਰਾਲੀ ਨੂੰ ਸਾੜਨ ਜਿਹੀ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਟੀਮਾਂ ਉਥੇ ਪਹੁੰਚ ਕੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਵਾਸਤੇ ਕਾਰਵਾਈ ਅਮਲ ਵਿੱਚ ਲਿਆਉਂਦੀਆਂ ਹਨ ਅਤੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ । ਐਸ. ਡੀ. ਐਮ. ਸੁਬਾ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਸਬ ਡਵੀਜ਼ਨ ਦੇ ਪਿੰਡ ਲਦਾਲ ਵਿੱਚ ਇੱਕ ਕਿਸਾਨ ਵੱਲੋਂ ਪਰਾਲੀ ਸਾੜੇ ਜਾਣ ਦੀ ਕਾਰਵਾਈ ਆਰੰਭ ਹੋਣ ਦਾ ਪਤਾ ਲੱਗਿਆ ਤਾਂ ਉਹ ਨਾਇਬ ਤਹਿਸੀਲਦਾਰ, ਖੇਤੀ ਵਿਕਾਸ ਅਧਿਕਾਰੀ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਮਲੇ ਸਮੇਤ ਮੌਕੇ ਉੱਤੇ ਪੁੱਜੇ ਅਤੇ ਪਾਣੀ ਦੀਆਂ ਬੁਛਾਰਾਂ ਨਾਲ ਖੇਤ ਵਿੱਚ ਨਾੜ ਸਾੜਨ ਦੀ ਪ੍ਰਕਿਰਿਆ ਨੂੰ ਸ਼ੁਰੂਆਤੀ ਸਮੇਂ ਵਿੱਚ ਹੀ ਰੋਕ ਦਿੱਤਾ ਗਿਆ । ਐਸ. ਡੀ. ਐਮ. ਸੂਬਾ ਸਿੰਘ ਨੇ ਸਖਤ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਵਾਤਾਵਰਣ ਅਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ਼ ਪੁਲਿਸ ਕੇਸ ਦਰਜ ਕਰਨ ਅਤੇ ਵੱਖ-ਵੱਖ ਐਕਟਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੇ ਲੋਕ ਵਾਰ-ਵਾਰ ਅਜਿਹਾ ਕਰਕੇ ਮਨੁੱਖੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਉਹਨਾਂ ਦੱਸਿਆ ਕਿ ਲਦਾਲ ਦੇ ਖੇਤਾਂ ਦੇ ਲਗਭਗ ਨੌ ਏਕੜ ਰੱਖਦੇ ਰਕਬੇ ਵਿੱਚ ਪਰਾਲੀ ਨੂੰ ਸੜਨ ਤੋਂ ਰੋਕਿਆ ਗਿਆ ਹੈ ਅਤੇ ਵਾਤਾਵਰਨ ਨੂੰ ਬਚਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ।