ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ : ਐਡ. ਗੁਰਵਿੰਦਰ ਕਾਂਸਲ਼
ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ- ਐਡ. ਗੁਰਵਿੰਦਰ ਕਾਂਸਲ਼
ਡੀ.ਸੀ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ : ਪੰਜਾਬ ਸਰਕਾਰ ਦੀ ਬੇਰੁਖੀ ਦੇ ਕਾਰਨ ਮੰਡੀਆਂ ਵਿੱਚ ਰੁਲ ਰਿਹਾ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੈ । ਇਸ ਮੌਕੇ ਭਾਜਪਾ ਜਿਲਾ ਪਟਿਆਲਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਅਤੇ ਕਰਨਵੀਰ ਸੈਣੀ ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਪ੍ਰੀਤੀ ਯਾਦਵ ਨਾਲ ਮੀਟਿੰਗ ਕਰਕੇ ਇਕ ਮੰਗ ਪੱਤਰ ਸੌਂਪਿਆ । ਇਸ ਮੌਕੇ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਜੀਰੀ ਦੀ ਫਸਲ ਮੰਡੀਆਂ ਵਿੱਚ ਪਈ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੰਡੀਆਂ ਵਿੱਚੋਂ ਜੀਰੀ ਦੀ ਲਿਫਟਿੰਗ ਚੰਗੀ ਤਰ੍ਹਾਂ ਸ਼ੁਰੂ ਨਹੀਂ ਕੀਤੀ ਗਈ, ਜਿਸ ਕਰਕੇ ਕਿਸਾਨਾਂ ਵੱਲੋਂ ਰੋਜ਼ਾਨਾ ਸੜਕਾਂ ਤੇ ਜਾਮ ਲਗਾ ਕੇ ਅਤੇ ਧਰਨੇ ਦੇ ਕੇ ਸਰਕਾਰ ਵਿਰੁੱਧ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਸਰਕਾਰ ਕੁੰਭ ਕਰਨੀ ਨੀਂਦ ਸੌਂ ਰਹੀ ਹੈ ਤੇ ਕਿਸਾਨ ਅਤੇ ਉਹਨਾਂ ਦੇ ਪਰਿਵਾਰ ਭੁੱਖੇ ਮਰਨ ਦੀ ਕਗਾਰ ਤੇ ਪਹੁੰਚ ਚੁੱਕੇ ਹਨ । ਤਿਉਹਾਰਾਂ ਦੇ ਦਿਨਾਂ ਵਿੱਚ ਕਿਸਾਨਾਂ ਦਾ ਮੰਡੀਆਂ ਵਿੱਚ ਰੁਲਣਾ ਸਰਕਾਰ ਲਈ ਮੰਦਭਾਗੀ ਗੱਲ ਹੈ। ਉਨਾਂ ਨੇ ਡੀ.ਸੀ ਪਟਿਆਲਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਕਿਸਾਨ ਵੀਰ ਅਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਤਿਉਹਾਰ ਵਧੀਆ ਤਰੀਕੇ ਅਤੇ ਖੁਸ਼ੀ ਨਾਲ ਮਨਾ ਸਕਣ ।