ਕਿਰਤੀ ਕਿਸਾਨ ਯੂਨੀਅਨ ਪਟਿਆਲਾ ਨੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਠੋਕਿਆ ਧਰਨਾ

ਦੁਆਰਾ: News ਪ੍ਰਕਾਸ਼ਿਤ :Friday, 16 June, 2023, 05:38 PM

ਪ੍ਰਦਰਸ਼ਨ ਕਰਕੇ ਹਰ ਖੇਤ ਲਈ ਕੀਤੀ ਨਹਿਰੀ ਪਾਣੀ ਦੀ ਮੰਗ

– ਵਿਭਾਗ ਦੇ ਐੱਸ.ਈ ਸੁਖਜੀਤ ਸਿੰਘ ਭੁੱਲਰ ਨੇ ਪ੍ਰਾਪਤ ਕੀਤਾ ਮੰਗ ਪੱਤਰ
ਪਟਿਆਲਾ, 16 ਜੂਨ :
ਕਿਰਤੀ ਕਿਸਾਨ ਯੂਨੀਅਨ ਪਟਿਆਲਾ ਵੱਲੋਂ ਨਹਿਰੀ ਵਿਭਾਗ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵੱਲੋਂ ਪਾਣੀ ਦਾ ਪ੍ਰਬੰਧ ਸਹੀ ਤੇ ਠੀਕ ਨਾ ਕਰਨ ਕਰਕੇ ਤਿੱਖਾ ਪ੍ਰਤੀਕਰਮ ਕਰਦਿਆਂ ਰੋਸ ਜਾਹਿਰ ਕੀਤਾ। ਇਸ ਐਕਸਨ ਦੀ ਅਗਵਾਈ ਦਵਿੰਦਰ ਸਿੰਘ ਪੂਨੀਆ, ਜਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ।
ਇਸ ਮੌਕੇ ਜਿਲ੍ਹਾ ਆਗੂਆਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਅਤੇ ਜਲ ਸ੍ਰੋਤ ਵਿਭਾਗ ਪਾਣੀ ਦੇ ਸੰਕਟ ਦੇ ਹੱਲ ਲਈ ਯੋਗ ਕਦਮ ਤਰੁੰਤ ਚੱਕੇ। ਹਰ ਖੇਤ ਅਤੇ ਹਰ ਘਰ ਲਈ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਪਾਣੀ ਦੀ ਲੋੜ ਅਨੁਸਾਰ ਮਾਤਰਾ ਦੇਣ ਲਈ ਪ੍ਰਬੰਧ ਕੀਤਾ ਜਾਵੇ। ਸਾਰੇ ਰਜਬਾਹਿਆਂ ਤੇ ਖਾਲ੍ਹਾ ਦੀ ਸਾਫ ਸਫਾਈ ਤੇ ਮਰੰਮਤ ਕਰਕੇ ਟੇਲਾਂ ਤੱਕ ਪਾਣੀ ਦੇਣਾ ਯਕੀਨੀ ਬਣਾਇਆ ਜਾਵੇ। ਨਵੇਂ ਸੂਏ ਬਣਾਉਣ ਅਤੇ ਪਹਿਲਾਂ ਵਾਲਿਆਂ ਦੀ ਪਹੁੰਚ ਹੋਰ ਪਿੰਡਾਂ ਤੱਕ ਵਧਾਉਣ ਦੀ ਲੋੜ ਅਨੁਸਾਰ ਜਿਲ੍ਹਾ ਅਧਿਕਾਰੀ ਸਰਵੇਖਣ ਕਰਕੇ, ਪ੍ਰੋਜੈਕਟ ਪ੍ਰੋਪੋਜਲ ਤਿਆਰ ਕਰ ਕੇ ਮੁੱਖ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਣ। ਅੱਜ ਦੇ ਐਕਸਨ ਉਪਰੰਤ ਨਹਿਰੀ ਵਿਭਾਗ ਦੇ ਐੱਸ.ਈ ਸੁਖਜੀਤ ਸਿੰਘ ਭੁੱਲਰ ਨੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸਾਰੀਆਂ ਮੰਗਾਂ ਉੱਤੇ ਵਿਸਥਾਰ ਸਹਿਤ ਮੀਟਿੰਗ ਕੀਤੀ ਅਤੇ ਸਾਰੀਆਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਮੰਨਣ ਦਾ ਭਰੋਸਾ ਦਿੱਤਾ।
ਇਸ ਧਰਨੇ ਦੌਰਾਨ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਹਿਰ ਵਿੱਚ ਉੱਚਾ ਚੱਕ ਕੇ ਲਾਏ ਗਏ ਮੋਘੇ ਨੂੰ ਭੰਨਣ ਦਾ ਪੁਲਿਸ ਵੱਲੋਂ ਦਰਜ ਕੀਤੇ ਕੇਸ ਦੀ ਨਿਖੇਧੀ ਕਰਦੇ ਹੋਏ, ਇਸ ਦਹਿਸ਼ਿਤ ਪਾਉਣ ਲਈ ਪਾਏ ਗਏ ਕੇਸ ਨੂੰ ਤਰੁੰਤ ਵਾਪਸ ਲੈਣ ਦੀ ਫਰੀਦਕੋਟ ਪੁਲਿਸ ਤੋਂ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜਿੰਦਰ ਸਿੰਘ ਹਰਿਆਊ, ਜਸਵੀਰ ਸਿੰਘ ਫਤਿਹਪੁਰ, ਗੁਰਵਿੰਦਰ ਸਿੰਘ ਦੇਧਨਾ, ਸ਼ੇਰ ਸਿੰਘ ਕਾਕੜਾ, ਹਰਵਿੰਦਰ ਸਿੰਘ ਗਿੱਲ, ਮਨਿੰਦਰ ਸਿੰਘ ਤਰਖ਼ਾਨਮਜਰਾ, ਜਰਨੈਲ ਸਿੰਘ ਮਰਦਾਹੇੜੀ ਨੇ ਸੰਬੋਧਨ ਕੀਤਾ। ਦਰਸ਼ਨ ਸਿੰਘ ਬੇਲੂਮਾਜਰਾ ਸੂਬਾ ਪ੍ਰਧਾਨ ਲੋਕ ਨਿਰਮਾਣ ਵਿਭਾਗ ਪੰਜਾਬ ਭਰਾਤਰੀ ਜਥੇਬੰਦੀ ਵੱਲੋਂ ਸ਼ਾਮਲ ਹੋ ਕੇ ਸੰਬੋਧਨ ਕਰਦਿਆਂ ਸਮੱਰਥਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਕੁਲਵੀਰ ਸਿੰਘ ਟੋਡਰਪੁਰ ਵੱਲੋਂ ਬਾਖੂਬੀ ਨਿਭਾਈ ਗਈ।