ਦੋ ਵੱਖ-ਵੱਖ ਸੜਕੀ ਹਾਦਸਿਆਂ ’ਚ ਦੋ ਦੀ ਮੌਤ ਤੇ 30 ਜਣੇ ਜ਼ਖ਼ਮੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 30 October, 2024, 08:18 AM

ਦੋ ਵੱਖ-ਵੱਖ ਸੜਕੀ ਹਾਦਸਿਆਂ ’ਚ ਦੋ ਦੀ ਮੌਤ ਤੇ 30 ਜਣੇ ਜ਼ਖ਼ਮੀ
ਜੰਮੂ : ਭਾਰਤ ਦੇਸ ਦੇ ਸੂਬੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਅਤੇ ਊਧਮਪੁਰ ਜਿ਼ਲ੍ਹਿਆਂ ਵਿੱਚ ਅੱਜ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 30 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਜ਼ਿਆਦਾਤਰ ਨਰਸਿੰਗ ਕਾਲਜ ਦੇ ਵਿਦਿਆਰਥੀ ਹਨ । ਮ੍ਰਿਤਕਾਂ ਦੀ ਪਛਾਣ ਬਿਲਾਲ ਅਹਿਮਦ (28) ਅਤੇ ਇਸ਼ਰਤ ਹੁਸੈਨ (42) ਵਾਸੀ ਛਾਂਗਾ ਵਜੋਂ ਹੋਈ ਹੈ । ਕਿਸ਼ਤਵਾੜ ਜ਼ਿਲ੍ਹੇ ਦੇ ਦਰਾਬਸ਼ਾਲਾ ਵਿੱਚ ਟਰੱਕ ਦੀ ਫੇਟ ਵੱਜਣ ਕਾਰਨ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ । ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਊਧਮਪੁਰ ਜ਼ਿਲ੍ਹੇ ਵਿੱਚ ਪ੍ਰਾਈਵੇਟ ਬੱਸ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 30 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬੱਸ ਸਲਮਾਰੀ ਤੋਂ ਊਧਮਪੁਰ ਜਾ ਰਹੀ ਸੀ । ਇਸ ਦੌਰਾਨ ਬਾਅਦ ਦੁਪਹਿਰ ਕਰੀਬ 12.30 ਵਜੇ ਪਿੰਡ ਫਾਰਮਾ ਨੇੜੇ ਹਾਦਸਾ ਹੋ ਗਿਆ।
