'ਭਾਰਤੀ ਸਾਹਿਤ ਅਤੇ ਪੰਜਾਬ' ਵਿਸ਼ੇ ਉੱਤੇ ਸੈਂਟਰਲ ਯੂਨੀਵਰਸਿਟੀ ਹਿਮਾਚਲ ਨੇ ਭਾਸ਼ਣ ਕੀਤਾ

‘ਹਿੰਦੀ-ਪੰਜਾਬੀ ਲਰਨਿੰਗ ਡਿਕਸ਼ਨਰੀ’ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ, ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਪਦਮ ਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਸ਼ੇਸ਼ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਭਾਸ਼ਣ ਦਾ ਵਿਸ਼ਾ ‘ਭਾਰਤੀ ਸਾਹਿਤ ਅਤੇ ਪੰਜਾਬ’ ਸੀ। ਸਮਾਗਮ ਦੀ ਸ਼ੁਰੂਆਤ ਹਿੰਦੀ ਵਿਭਾਗ ਦੇ ਮੁਖੀ ਡਾ. ਨੀਤੂ ਕੌਸ਼ਲ ਵੱਲੋਂ ਕੀਤੇ ਸਵਾਗਤੀ ਭਾਸ਼ਣ ਨਾਲ਼ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਹਰਮਹਿੰਦਰ ਸਿੰਘ ਬੇਦੀ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਹੋਇਆ ‘ਹਿੰਦੀ-ਪੰਜਾਬੀ ਲਰਨਿੰਗ ਡਿਕਸ਼ਨਰੀ’ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ। ਉਪ-ਕੁਲਪਤੀ ਨੇ ਅੱਜ ਦੇ ਬਦਲਦੇ ਯੁੱਗ ਵਿੱਚ ਭਾਸ਼ਾਵਾਂ ਦੇ ਪਸਾਰ ਨੂੰ ਮਹੱਤਵ ਦਿੰਦੇ ਹੋਏ ਸ਼ਬਦਕੋਸ਼ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਨ੍ਹਾਂ ਦੇ ਆਪਸੀ ਸਬੰਧਾਂ ਨੂੰ ਰੇਖਾਂਕਿਤ ਕੀਤਾ।
ਡਾ. ਹਰਮਹਿੰਦਰ ਸਿੰਘ ਬੇਦੀ ਨੇ ਪੰਜਾਬ ਦੀ ਸਾਹਿਤਕ ਦੌਲਤ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਯੂਨੈਸਕੋ, ਯੂਐਨਓ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੀ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਵਿੱਚ ਭਾਰਤੀ ਗਿਆਨ ਪਰੰਪਰਾ ਨੂੰ ਮੁੜ ਵਿਚਾਰਨ ਲਈ ਜ਼ੋਰ ਦੇ ਰਹੀਆਂ ਹਨ। ਉਨ੍ਹਾਂ ਨੇ ਇਸ ਗਿਆਨ ਪਰੰਪਰਾ ਨੂੰ ਸਮਝਣ ਲਈ ਬੁਨਿਆਦੀ ਮੂਲ ਗ੍ਰੰਥਾਂ ਰਿਗਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਅਸ਼ਟਾਧਿਆਈ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੇ ਵਿਦਿਆ ਦਰਬਾਰ ਦੀ ਭੂਮਿਕਾ ਦੀ ਵਿਆਖਿਆ ਕੀਤੀ। ਇਸ ਮੌਕੇ ਹਿੰਦੀ ਵਿਭਾਗ ਦੇ ਅਧਿਆਪਕ ਡਾ. ਰਜਨੀ, ਡਾ. ਰੀਤੂ, ਡਾ. ਰਵਿਦੱਤ ਕੌਸ਼ਿਸ਼, ਡਾ. ਪਰਵਿੰਦਰ, ਡਾ. ਵਰਿੰਦਰ ਅਤੇ ਹੋਰ ਵਿਭਾਗਾਂ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ |
ਡਾਇਰੈਕਟਰ, ਲੋਕ ਸੰਪਰਕ
