ਭਾਜਪਾ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਸਾਂਝਾ ਸਿਵਲ ਕੋਡ ਕੀਤਾ ਜਾਵੇਗਾ ਲਾਗੂ : ਸ਼ਾਹ
ਭਾਜਪਾ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਸਾਂਝਾ ਸਿਵਲ ਕੋਡ ਕੀਤਾ ਜਾਵੇਗਾ ਲਾਗੂ : ਸ਼ਾਹ
ਰਾਂਚੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਜੇ ਭਾਜਪਾ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ। ਸ਼ਾਹ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਆਦਿਵਾਸੀਆਂ ਨੂੰ ਇਸ ਦੇ ਘੇਰੇ ’ਚੋਂ ਬਾਹਰ ਰੱਖਿਆ ਜਾਵੇਗਾ। ਸ਼ਾਹ ਨੇ ਝਾਰਖੰਡ ਵਿਚ ਅਗਾਮੀ ਅਸੈਂਬਲੀ ਚੋਣਾਂ ਲਈ ਭਾਜਪਾ ਦਾ ਚੋਣ ਮੈਨੀਫੈਸਟੋ ‘ਸੰਕਲਪ ਪੱਤਰ’ ਰਿਲੀਜ਼ ਕਰਦਿਆਂ ਐਲਾਨ ਕੀਤਾ ਕਿ ਸੂਬੇ ਵਿਚ ਸਨਅਤਾਂ ਤੇ ਖਾਣਾਂ ਕਰਕੇ ਘਰੋਂ ਬੇਘਰ ਹੋਏ ਲੋਕਾਂ ਦਾ ਮੁੜ-ਵਸੇਬਾ ਯਕੀਨੀ ਬਣਾਉਣ ਲਈ ਡਿਸਪਲੇਸਮੈਂਟ ਕਮਿਸ਼ਨ ਬਣਾਇਆ ਜਾਵੇਗਾ। ਇਸ ਦੌਰਾਨ ਹਜ਼ਾਰੀਬਾਗ਼ ਜ਼ਿਲ੍ਹੇ ਦੇ ਬਾਰਕਾਠਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨਾਲ ਝਾਰਖੰਡ ਦੇ ਕੋਡਰਮਾ ਵਿਚ ਸਟੋਨ ਇੰਡਸਟਰੀ ਨੂੰ ਮੁੜ ਪੈਰਾਂ ਸਿਰ ਕੀਤਾ ਜਾਵੇਗਾ। ਸ਼ਾਹ ਨੇ ਛਤਰਾ ਜ਼ਿਲ੍ਹੇ ਦੇ ਸਿਮਰੀਆ ਵਿੱਚ ਵੀ ਰੈਲੀ ਨੂੰ ਸੰਬੋਧਨ ਕੀਤਾ। ਝਾਰਖੰਡ ਦੀ 81 ਮੈਂਬਰੀ ਅਸੈਂਬਲੀ ਲਈ ਦੋ ਪੜਾਵਾਂ ਵਿਚ 13 ਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਸ਼ਾਹ ਨੇ ਰਾਂਚੀ ਵਿਚ ਕਿਹਾ, ‘‘ਸਾਡੀ ਸਰਕਾਰ ਝਾਰਖੰਡ ਵਿਚ ਯੂਸੀਸੀ ਲੈ ਕੇ ਆਏਗੀ ਪਰ ਆਦਿਵਾਸੀਆਂ ਨੂੰ ਇਸ ਦੇ ਘੇਰੇ ’ਚੋਂ ਬਾਹਰ ਰੱਖਿਆ ਜਾਵੇਗਾ। ਹੇਮੰਤ ਸੋਰੇਨ ਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਸਰਕਾਰ ਕੂੜ ਪ੍ਰਚਾਰ ਕਰ ਰਹੇ ਹਨ ਕਿ ਯੂਸੀਸੀ ਆਦਿਵਾਸੀਆਂ ਦੇ ਹੱਕਾਂ, ਉਨ੍ਹਾਂ ਦੇ ਸੱਭਿਆਚਾਰ ਤੇ ਸਬੰਧਤ ਵਿਧਾਨ ਨੂੰ ਅਸਰ ਅੰਦਾਜ਼ ਕਰੇਗਾ, ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ ਕਿਉਂਕਿ ਇਨ੍ਹਾਂ (ਆਦਿਵਾਸੀਆਂ) ਨੂੰ ਯੂਸੀਸੀ ਦੀ ਜ਼ੱਦ ’ਚੋਂ ਬਾਹਰ ਰੱਖਿਆ ਜਾਵੇਗਾ।’’ ਕੇਂਦਰੀ ਮੰਤਰੀ ਨੇ ਕਿਹਾ, ‘‘ਭਾਜਪਾ ਦੇ ਸੱਤਾ ’ਚ ਆਉਣ ਉੱਤੇ ਸਰਨਾ ਧਾਰਮਿਕ ਕੋਡ ਮਸਲਾ ਵਿਚਾਰ ਕੇ ਇਸ ਬਾਰੇ ਢੁੱਕਵਾਂ ਫੈਸਲਾ ਲਿਆ ਜਾਵੇਗਾ।’’ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਉੱਤੇ 5 ਲੱਖ ਰੁਜ਼ਗਾਰ ਦੇ ਮੌਕੇ ਸਿਰਜੇ ਜਾਣਗੇ, ਜਿਨ੍ਹਾਂ ਵਿਚ 2.87 ਲੱਖ ਸਰਕਾਰੀ ਨੌਕਰੀਆਂ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਝਾਰਖੰਡ ਵਿਚ ਘੁਸਪੈਠੀਆਂ ਤੋਂ ਜ਼ਮੀਨ ਵਾਪਸ ਲੈਣ ਲਈ ਕਾਨੂੰਨ ਲੈ ਕੇ ਆਏਗੀ ਅਤੇ ਗੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ। ਉਨ੍ਹਾਂ ਕਥਿਤ ‘ਭ੍ਰਿਸ਼ਟ’ ਸੋਰੇਨ ਸਰਕਾਰ ਉੱਤੇ ਬੰਗਲਾਦੇਸ਼ੀ ਘੁਸਪੈਠੀਆਂ ਲਈ ਦਰ ਖੋਲ੍ਹਣ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ‘ਮਾਟੀ, ਬੇਟੀ ਤੇ ਰੋਟੀ’ ਨੂੰ ਗੈਰਕਾਨੂੰਨੀ ਪਰਵਾਸੀਆਂ ਤੋਂ ਵੱਡਾ ਖ਼ਤਰਾ ਦਰਪੇਸ਼ ਹੈ ਤੇ ਭਾਜਪਾ ਭਾਰਤੀ ਮੂਲ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਸ਼ਾਹ ਨੇ ਜੇਐੱਮਐੱਮ ਦੀ ਅਗਵਾਈ ਵਾਲੀ ਸਰਕਾਰ ’ਤੇ ਘੁਸਪੈਠੀਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਾਇਆ। ਉਨ੍ਹਾਂ ਝਾਰਖੰਡ ਵਿਚ 2027 ਤੱਕ ਮਾਨਵੀ ਤਸਕਰੀ ਰੋਕਣ ਤੇ ਸੂਬੇ ਵਿਚੋਂ ਨਕਸਵਾਦ ਦੇ ਖਾਤਮੇ ਦਾ ਵਾਅਦਾ ਕਰਦਿਆਂ ‘ਅਪਰੇਸ਼ਨ ਸੁਰਕਸ਼ਾ’ ਦਾ ਐਲਾਨ ਕੀਤਾ।