ਖੇਤੀਬਾੜੀ ਵਿਭਾਗ ਵੱਲੋਂ 21,958 ਸੀ. ਆਰ. ਐਮ. ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ. ਆਰ. ਐਮ. ਮਸ਼ੀਨਾਂ ਖਰੀਦੀਆਂ

ਖੇਤੀਬਾੜੀ ਵਿਭਾਗ ਵੱਲੋਂ 21,958 ਸੀ. ਆਰ. ਐਮ. ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ. ਆਰ. ਐਮ. ਮਸ਼ੀਨਾਂ ਖਰੀਦੀਆਂ
ਮੌਜੂਦਾ ਸਾਲ ਸੀ.ਆਰ.ਐਮ. ਮਸ਼ੀਨਾਂ ਵਿੱਚ 9010 ਯੂਨਿਟਾਂ ਦੀ ਵਿਕਰੀ ਨਾਲ ਸੁਪਰ ਸੀਡਰ ਸਭ ਤੋਂ ਅੱਗੇ : ਗੁਰਮੀਤ ਸਿੰਘ ਖੁੱਡੀਆਂ
ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਹੁਣ ਤੱਕ 68 ਫੀਸਦੀ ਕਮੀ ਦਰਜ ਕੀਤੀ ਗਈ
ਚੰਡੀਗੜ੍ਹ, 3 ਨਵੰਬਰ : ਫਸਲੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸੂਬੇ ਭਰ ਦੇ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵਾਸਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਬਸਿਡੀ ਵਾਲੀਆਂ 21,958 ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਇਸ ਸਾਲ ਹੁਣ ਤੱਕ ਕਿਸਾਨ ਵੱਲੋਂ 14,587 ਮਸ਼ੀਨਾਂ ਖਰੀਦੀਆਂ ਵੀ ਜਾ ਚੁੱਕੀਆਂ ਹਨ, ਜਿਸ ਨਾਲ ਸਾਲ 2018 ਤੋਂ ਹੁਣ ਤੱਕ ਕੁੱਲ 1.45 ਲੱਖ ਮਸ਼ੀਨਾਂ ਖਰੀਦੀਆਂ ਗਈਆਂ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੌਜੂਦਾ ਸਾਲ ਕਿਸਾਨਾਂ ਵੱਲੋਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਵਿੱਚੋਂ ਸਭ ਤੋਂ ਵੱਧ ਸੁਪਰ ਸੀਡਰ ਮਸ਼ੀਨ ਦੇ 9,010 ਯੂਨਿਟ ਖਰੀਦੇ ਗਏ ਹਨ । ਇਸ ਤੋਂ ਬਾਅਦ ਜ਼ੀਰੋ ਟਿਲ ਡਰਿੱਲ (1,383), ਆਰ. ਐਮ. ਬੀ. ਪਲੌਅ (627), ਬੇਲਰ (595) ਅਤੇ ਰੇਕ (590) ਮਸ਼ੀਨਾਂ ਦੀ ਵਿਕਰੀ ਕੀਤੀ ਗਈ ਹੈ । ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਫਸਲੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੱਧ ਤੋਂ ਵੱਧ ਸੀ. ਆਰ. ਐਮ. ਮਸ਼ੀਨਰੀ ਉਪਲੱਬਧ ਕਰਵਾਉਣ ਵਾਸਤੇ ਸੂਭੇ ਭਰ ਵਿੱਚ 620 ਕਸਟਮਰ ਹਾਇਰਿੰਗ ਸੈਂਟਰ (ਸੀ. ਐਚ. ਸੀ.) ਵੀ ਕਾਇਮ ਕੀਤੇ ਗਏ ਹਨ । ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 3 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 68 ਫੀਸਦੀ ਕਮੀ ਆਈ ਹੈ । ਪਿਛਲੇ ਸਾਲ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 12,813 ਘਟਨਾਵਾਂ ਦੇ ਮੁਕਾਬਲੇ ਇਸ ਵਾਰ 4,132 ਘਟਨਾਵਾਂ ਸਾਹਮਣੇ ਆਈਆਂ ਹਨ । ਕਿਸਾਨਾਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਅਕਤੀਗਤ ਕਿਸਾਨ ਸੀ. ਆਰ. ਐਮ. ਮਸ਼ੀਨਾਂ ਦੀ ਲਾਗਤ ’ਤੇ 50 ਫੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ, ਜਦਕਿ ਸਹਿਕਾਰੀ ਸਭਾਵਾਂ, ਐੱਫ. ਪੀ. ਓ., ਪੰਚਾਇਤਾਂ ਲਈ ਇਹ ਸਬਸਿਡੀ 80 ਫੀਸਦ ਹੈ । ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ ਪੰਜਾਬ ਸਰਕਾਰ ਅਤੇ ਕਿਸਾਨ ਭਾਈਚਾਰੇ ਦੇ ਠੋਸ ਯਤਨਾਂ ਦਾ ਪ੍ਰਮਾਣ ਹੈ ।
