ਸਿਵਲ ਸਰਜਨ ਪਟਿਆਲਾ ਨੇ ਪਿੰਡ ਮਰਦਾਂਪੁਰ ਵਿੱਚ ਪਿੰਡ ਵਾਸੀਆ ਨਾਲ ਡੇਂਗੂ ਤੋਂ ਬਚਾਅ ਸਬੰਧੀ ਕੀਤੀ ਮੀਟਿੰਗ

ਸਿਵਲ ਸਰਜਨ ਪਟਿਆਲਾ ਨੇ ਪਿੰਡ ਮਰਦਾਂਪੁਰ ਵਿੱਚ ਪਿੰਡ ਵਾਸੀਆ ਨਾਲ ਡੇਂਗੂ ਤੋਂ ਬਚਾਅ ਸਬੰਧੀ ਕੀਤੀ ਮੀਟਿੰਗ
ਪਟਿਆਲਾ : ਪਿੰਡ ਮਰਦਾਂਪੁਰ ਵਿਖੇ ਡੇਂਗੂ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਪੰਚਾਇਤੀ ਰਾਜ ਮਹਿਕਮੇ ਵੱਲੋਂ ਫੋਗਿੰਗ ਕਰਵਾਉਣ ਅਤੇ ਪੰਚਾਇਤ ਦੀ ਸ਼ਮੂਲੀਅਤ ਨਾਲ ਪਿੰਡ ਵਾਸੀਆਂ ਨੂੰ ਪਾਣੀ ਭਰ ਕੇ ਨਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ । ਇਸ ਸਬੰਧੀ ਅੱਜ ਪਿੰਡ ਮਰਦਾਂਪੁਰ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਗੁਰਦੁਆਰੇ ਵਿੱਚ ਇਕੱਤਰ ਹੋ ਕੇ ਮੀਟਿੰਗ ਕੀਤੀ ਗਈ, ਜਿਸ ਵਿੱਚ ਐਸ. ਡੀ. ਐਮ. ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ, ਸਿਵਲ ਸਰਜਨ ਪਟਿਆਲਾ ਡਾਕਟਰ ਜਤਿੰਦਰ ਕਾਂਸਲ, ਐਸ. ਐਮ. ਓ. ਹਰਪਾਲਪੁਰ ਡਾਕਟਰ ਰਵਨੀਤ ਕੌਰ, ਜਿਲਾ ਐਪੀੋਡੋਮੋਲੋਜਿਸਟ ਡਾਕਟਰ ਸੁਮੀਤ ਸਿੰਘ ਸਮੇਤ ਇਲਾਕੇ ਦੇ ਤਹਿਸੀਲਦਾਰ, ਬੀ. ਡੀ. ਪੀ. ਓ. ਅਤੇ ਹੋਰ ਪ੍ਰਸ਼ਾਸਨਿਕ ਅਮਲੇ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ । ਜਿਕਰਯੋਗ ਹੈ ਕਿ ਇਸ ਪਿੰਡ ਵਿੱਚ ਅੱਠ ਡੇਂਗੂ ਦੇ ਕੇਸ ਆਉਣ ਕਰਕੇ ਪਿਛਲੇ ਹਫਤੇ ਸਿਹਤ ਵਿਭਾਗ ਵੱਲੋਂ ਇਸ ਨੂੰ ਹਾਟ-ਸਪਾਟ ਐਲਾਨਿਆ ਗਿਆ ਸੀ ਤੇ ਇਸ ਦੀ ਰੋਕਥਾਮ ਸਬੰਧੀ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਵੀ ਸਿਹਤ ਟੀਮਾਂ ਵੱਲੋਂ 28 ਅਕਤੂਬਰ ਨੂੰ ਜਿਲਾ ਐਪੀਡੀੋਮੋਲਿਜਸਟ ਡਾਕਟਰ ਸੁਮੀਤ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਏਰੀਏ ਦਾ ਨਿਰੀਖਣ ਕੀਤਾ ਗਿਆ ਸੀ, ਇਸ ਸਬੰਧੀ ਫੀਵਰ ਦੇ ਸ਼ੱਕੀ ਕੇਸਾਂ ਦਾ ਨਿਰੀਖਣ ਕਰਵਾਉਣ ਲਈ ਉਨਾਂ ਨੂੰ ਹਸਪਤਾਲ ਭੇਜਿਆ ਗਿਆ ਸੀ । ਕੱਲ ਐਤਵਾਰ ਸਿਹਤ ਵਿਭਾਗ ਵੱਲੋਂ ਘਰਾਂ ਦੀ ਸਪੈਸ਼ਲ ਚੈਕਿੰਗ ਦੌਰਾਨ 540 ਘਰਾਂ ਦਾ ਨਿਰੀਖਣ ਕੀਤਾ ਗਿਆ । ਜਿਸ ਵਿੱਚ 28 ਥਾਵਾਂ ਤੇ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ । ਪਿੰਡ ਵਾਸੀਆਂ ਨੂੰ ਅਨਾਉਂਸਮੈਂਟ ਤੇ ਹੋਰ ਸਾਧਨਾਂ ਰਾਹੀਂ ਪਾਣੀ ਭਰ ਕੇ ਨਾ ਰੱਖਣ ਤੇ ਪਸ਼ੂਆਂ ਦੇ ਪੀਣ ਵਾਲੇ ਪਾਣੀ ਦੇ ਚੁਬੱਚਿਆਂ ਨੂੰ ਖਾਲੀ ਕਰ ਕੇ ਸੁਕਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦੌਰਾਨ ਸਿਹਤ ਸਟਾਫ ਵੱਲੋਂ ਜਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਪੈਫਲਟ ਵੀ ਵੰਡੇ ਗਏ ।
