ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਡੀ. ਏ. ਪੀ. ਖਾਦ ਦੇ ਬਦਲਵੇਂ ਸਰੋਤਾਂ ਬਾਰੇ ਜਾਣਕਾਰੀ ਦਿੱਤੀ

ਦੁਆਰਾ: Punjab Bani ਪ੍ਰਕਾਸ਼ਿਤ :Monday, 04 November, 2024, 01:20 PM

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਡੀ. ਏ. ਪੀ. ਖਾਦ ਦੇ ਬਦਲਵੇਂ ਸਰੋਤਾਂ ਬਾਰੇ ਜਾਣਕਾਰੀ ਦਿੱਤੀ
ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ‘ਤੇ ਹੀ ਕੀਤੀ ਜਾਵੇ – ਮਨਦੀਪ ਸਿੰਘ
ਸੰਗਰੂਰ, 4 ਨਵੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਵਿਗਿਆਨੀਆਂ ਨੇ ਕਣਕ ਦੀ ਫ਼ਸਲ ਵਿੱਚ ਵੱਡੇ ਪੱਧਰ ਉੱਤੇ ਵਰਤੀ ਜਾਂਦੀ ਡੀ. ਏ. ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਹੈ । ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਿੱਚ ਡੀ.ਏ.ਪੀ. ਖਾਦ ਮੁੱਖ ਤੌਰ ਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਵਰਤੀ ਜਾਂਦੀ ਹੈ ਅਤੇ ਇਸ ਵਿਚ 46 ਫ਼ੀਸਦੀ ਫਾਸਫੋਰਸ ਦੇ ਨਾਲ-ਨਾਲ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ । ਉਨ੍ਹਾਂ ਕਿਹਾ ਕਿ ਇਸ ਖਾਦ ਦੇ ਬਦਲ ਵੱਜੋ ਕੁਝ ਹੋਰ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਪਰ ਉਨ੍ਹਾਂ ਵਿੱਚ ਤੱਤਾਂ ਦੀ ਲੋੜੀਂਦੀ ਮਾਤਰਾ ਡੀ. ਏ. ਪੀ. ਨਾਲੋਂ ਵੱਖਰੀ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਹੋ ਜਿਹੀ ਇਕ ਖਾਦ, ਐਨ. ਪੀ. ਕੇ. (12:32:16) ਹੈ, ਜਿਸ ਵਿੱਚ 32 ਫ਼ੀਸਦੀ ਫਾਸਫੋਰਸ, 12 ਫ਼ੀਸਦੀ ਨਾਈਟ੍ਰੋਜਨ ਅਤੇ 16 ਫ਼ੀਸਦੀ ਪੋਟਾਸ਼ੀਅਮ ਤੱਤ ਮੌਜੂਦ ਹੁੰਦੇ ਹਨ, ਇਸ ਲਈ ਇੱਕ ਥੈਲਾ ਡੀ. ਏ. ਪੀ. ਦੀ ਜਗ੍ਹਾ 1.5 ਥੈਲਾ ਐਨ. ਪੀ. ਕੇ. (12:32:16) ਵਰਤੀ ਜਾ ਸਕਦੀ ਹੈ। ਡਾ. ਧਾਲੀਵਾਲ ਨੇ ਦੱਸਿਆ ਕਿ ਕਿਸਾਨ ਇਸ ਤੋਂ ਇਲਾਵਾ ਸਿੰਗਲ ਸੁਪਰਫਾਸਫੇਟ ਖਾਦ ਦੇ 3 ਥੈਲੇ ਜਾਂ ਟ੍ਰਿਪਲ ਸੁਪਰਫਾਸਫੇਟ ਖਾਦ ਦੇ ਇੱਕ ਥੈਲੇ ਦੀ ਵਰਤੋਂ ਡੀ. ਏ. ਪੀ. ਖਾਦ ਦੇ ਇੱਕ ਥੈਲੇ ਦੀ ਜਗ੍ਹਾ ਕਰ ਸਕਦੇ ਹਨ ।
ਕੇ. ਵੀ. ਕੇ., ਖੇੜੀ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨਦੀਪ ਸਿੰਘ ਨੇ ਕਿਹਾ ਕਿ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ‘ਤੇ ਹੀ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ. ਪੀ. ਕੇ. (12:32:16), ਡੀ. ਏ. ਪੀ. ਦਾ ਇੱਕ ਬਹੁਤ ਵਧੀਆ ਬਦਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੇ 1.5 ਬੋਰੇ ਵਿੱਚ ਡੀ. ਏ. ਪੀ. ਜਿੰਨੇ ਫਾਸਫੋਰਸ ਤੇ ਨਾਈਟ੍ਰੋਜਨ ਤੱਤ ਤਾਂ ਹੁੰਦੇ ਹੀ ਹਨ, ਬਲਕਿ 9 ਕਿਲੋ ਨਾਈਟ੍ਰੋਜਨ ਅਤੇ 12 ਕਿਲੋਗ੍ਰਾਮ ਪੋਟਾਸ਼ ਵੀ ਹੁੰਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰਿਪਲ ਸੁਪਰਫਾਸਫੇਟ ਬਾਜ਼ਾਰ ਵਿੱਚ ਉਪਲਬਧ ਇੱਕ ਨਵੀਂ ਖਾਦ ਹੈ ਜਿਸ ਵਿੱਚ ਡੀ. ਏ. ਪੀ. ਦੇ ਬਰਾਬਰ ਫਾਸਫੋਰਸ ਤੱਤ ਮੌਜੂਦ ਹੁੰਦਾ ਹੈ । ਉਹਨਾਂ ਦੱਸਿਆ ਕਿ ਇੱਕ ਥੈਲਾ ਡੀ ਏ ਪੀ ਦੀ ਜਗ੍ਹਾ 3 ਥੈਲੇ ਸਿੰਗਲ ਸੁਪਰ ਫਾਸਫੇਟ ਵੀ ਪਾਈ ਜਾ ਸਕਦੀ ਹੈ । ਇਸ ਨਾਲ ਫ਼ਸਲ ਨੂੰ 18 ਕਿਲੋ ਗੰਧਕ ਤੱਤ ਵੀ ਮਿਲ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਸਿੰਗਲ ਸੁਪਰਫਾਸਫੇਟ ਜਾਂ ਟ੍ਰਿਪਲ ਸੁਪਰਫਾਸਫੇਟ ਦੀ ਵਰਤੋਂ ਕਣਕ ਦੀ ਬਿਜਾਈ ਸਮੇਂ ਕਰਦੇ ਹਨ ਤਾਂ ਉਨ੍ਹਾਂ ਨੂੰ 20 ਕਿਲੋ ਯੂਰੀਆ ਪ੍ਰਤੀ ਏਕੜ ਵੀ ਬਿਜਾਈ ਸਮੇਂ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਐਨ ਪੀ ਕੇ (10:26:26) ਪਾਉਣੀ ਹੋਵੇ ਤਾਂ ਇੱਕ ਥੈਲਾ ਡੀ ਏ ਪੀ ਦੀ ਜਗ੍ਹਾ ਐਨ ਪੀ ਕੇ (10:26:26) ਦਾ 1.8 ਥੈਲਾ ਪਾਉਣਾ ਚਾਹੀਦਾ ਹੈ, ਇਸ ਨਾਲ ਫ਼ਸਲ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਦੇ ਨਾਲ ਨਾਲ 9 ਕਿਲੋ ਨਾਈਟ੍ਰੋਜਨ ਅਤੇ 23 ਕਿਲੋ ਪੋਟਾਸ਼ ਮਿਲ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।