ਪੰਜਾਬ ਪੁਲਿਸ ਵੱਲੋਂ 105 ਕਿਲੋ ਹੈਰੋਇਨ ਬਰਾਮਦੀ ਮਾਮਲੇ ਦੀ ਜਾਂਚ ਦੌਰਾਨ 6 ਕਿਲੋ ਹੈਰੋਇਨ ਸਮੇਤ ਇੱਕ ਹੋਰ ਮੁਲਜ਼ਮ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ 105 ਕਿਲੋ ਹੈਰੋਇਨ ਬਰਾਮਦੀ ਮਾਮਲੇ ਦੀ ਜਾਂਚ ਦੌਰਾਨ 6 ਕਿਲੋ ਹੈਰੋਇਨ ਸਮੇਤ ਇੱਕ ਹੋਰ ਮੁਲਜ਼ਮ ਗ੍ਰਿਫਤਾਰ
ਹੁਣ ਤੱਕ ਕੁੱਲ ਬਰਾਮਦੀ 111 ਕਿਲੋ ਹੋਈ
ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਜਾਂਚ ਮੁਤਾਬਕ ਮੁਲਜ਼ਮ ਲਵਪ੍ਰੀਤ ਸਿੰਘ ਨੇ ਰਾਜਸਥਾਨ ਤੋਂ ਹਾਸਲ ਕੀਤੀ ਹੈਰੋਇਨ ਦੀ ਖੇਪ ਨੂੰ 105 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਕਰਨਾ ਸੀ ਡਲਿਵਰ : ਡੀ. ਜੀ. ਪੀ. ਗੌਰਵ ਯਾਦਵ
-ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ
ਚੰਡੀਗੜ੍ਹ/ਅੰਮ੍ਰਿਤਸਰ, 28 ਅਕਤੂਬਰ : ਪੰਜਾਬ ਪੁਲਿਸ ਨੇ 105 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਤੁਰਕੀ ਅਧਾਰਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਇੱਕ ਹੋਰ ਸਾਥੀ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ‘ਚ ਹੁਣ ਤੱਕ ਹੈਰੋਇਨ ਦੀ ਕੁੱਲ ਬਰਾਮਦਗੀ 111 ਕਿਲੋ ਹੋ ਗਈ ਹੈ, ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.), ਪੰਜਾਬ ਗੌਰਵ ਯਾਦਵ ਨੇ ਅੱਜ ਇਥੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਕਪੂਰਥਲਾ ਦੇ ਪਿੰਡ ਚੱਕੋਕੀ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ’ਚੋਂ ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲੀਸ ਟੀਮਾਂ ਨੇ ਉਸ ਦੀ ਹੁੰਡਈ ਔਰਾ ਕਾਰ (ਐਚ. ਆਰ. 26 ਐਫ. ਐਫ 4067) ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ।
ਦੱਸਣਯੋਗ ਹੈ ਕਿ ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਦੀ ਟੀਮ ਵੱਲੋਂ ਨਸ਼ਾ ਤਸਕਰ ਨਵ ਭੁੱਲਰ ਦੇ ਦੋ ਸਾਥੀਆਂ ਨੂੰ 105 ਕਿਲੋ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡ੍ਰਸ ਅਤੇ 17 ਕਿਲੋ ਡੈਕਸਟ੍ਰੋਮੇਥੋਰਫਾਨ (ਡੀ. ਐਮ. ਆਰ.) ਅਤੇ 6 ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਅਤੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਦੌਰਾਨ ਸੀ. ਆਈ. ਅੰਮ੍ਰਿਤਸਰ ਨੂੰ ਪਤਾ ਚੱਲਿਆ ਕਿ ਇਸ ਨੈਟਵਰਕ ਦੇ ਇੱਕ ਹੋਰ ਮੈਂਬਰ ਲਵਪ੍ਰੀਤ ਸਿੰਘ ਨੇ ਰਾਜਸਥਾਨ ਤੋਂ ਹੈਰੋਇਨ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ, ਜਿਸ ਨੂੰ ਉਹ ਪੰਜਾਬ ਵਿੱਚ ਸਥਿਤ ਆਪਣੇ ਸਾਥੀਆਂ ਨੂੰ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ । ਇਹ ਜਾਣਕਾਰੀ ਮਿਲਣ ਉਪਰੰਤ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਡੀ. ਐਸ. ਪੀ. ਸੀ. ਆਈ. ਅੰਮ੍ਰਿਤਸਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ਦੇ ਨਾਲ ਪੈਂਦੇ ਪਿੰਡ ਉਮਰਾਨੰਗਲ ਮੋੜ ਦੇ ਏਰੀਏ ਵਿੱਚ ਵਿਸ਼ੇਸ਼ ਨਾਕਾ ਲਾਇਆ ਅਤੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ 6 ਕਿਲੋ ਹੈਰੋਇਨ ਅਤੇ ਕਾਰ ਸਮੇਤ ਕਾਬੂ ਕਰ ਲਿਆ ।
ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਲਵਪ੍ਰੀਤ ਸਿੰਘ ਨੇ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਹੈਰੋਇਨ ਦੀ ਖੇਪ ਹਾਸਲ ਕੀਤੀ ਸੀ ਅਤੇ ਇਸ ਨੂੰ ਨਸ਼ਾ ਤਸਕਰ ਨਵਜੋਤ ਸਿੰਘ, ਜਿਸਨੂੰ 105 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਤੱਕ ਪਹੁੰਚਾਉਣ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਤੋਂ ਸਪਲਾਈ ਚੇਨ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਸਬੰਧਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਲਈ ਅਗਲੇਰੀ ਜਾਂਚ ਜਾਰੀ ਹੈ । ਇਸ ਸਬੰਧੀ ਥਾਣਾ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਐਨ. ਡੀ. ਪੀ. ਐਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫ.ਆਈ.ਆਰ ਨੰਬਰ 63 ਮਿਤੀ 27.10.2024 ਦਰਜ ਕੀਤੀ ਗਈ ਹੈ ।
