ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੇ ਰੁੱਖ ਤੇ ਖੰਭੇ ਸੁੱਟੇ

ਦੁਆਰਾ: News ਪ੍ਰਕਾਸ਼ਿਤ :Friday, 16 June, 2023, 04:22 PM

1 ਲੱਖ ਲੋਕ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ
ਅਹਿਮਦਾਬਾਦ/ਨਵੀਂ ਦਿੱਲੀ, 15 ਜੂਨ-
ਚੱਕਰਵਾਤ ਬਿਪਰਜੋਏ ਨੇ 10 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਅਰਬ ਸਾਗਰ ‘ਚ ਮੰਥਨ ਕਰਨ ਬਾਅਦ ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਜਖਾਊ ਬੰਦਰਗਾਹ ‘ਤੇ 115-125 ਕਿੱਲੋਮੀਟਰ ਪ੍ਰਤੀ ਘੰਟਾ ਨਾਲ ਚੱਲਣ ਵਾਲੀਆਂ ਹਵਾਵਾਂ ਸਮੇਤ ਭਾਰੀ ਮੀਂਹ ਨਾਲ ਦਸਤਕ ਦਿੱਤੀ | ਜਖਾਊ ਬੰਦਰਗਾਹ ਵਿਖੇ ਬਿਜਲੀ ਦੇ ਖੰਭਿਆਂ ‘ਤੇ ਦਰੱਖਤ ਅਤੇ ਹੋਰਡਿੰਗਜ਼ ਆਦਿ ਦੇ ਡਿੱਗਣ ਨਾਲ ਸ਼ਹਿਰ ਹਨ੍ਹੇਰੇ ‘ਚ ਡੁੱਬ ਗਿਆ | ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਕੱਛ ਅਤੇ ਸੌਰਾਸ਼ਟਰ ‘ਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਰਹੀ ਹੈ | ਦੇਵਭੂਮੀ ਦਵਾਰਕਾ ਜ਼ਿਲ੍ਹੇ ‘ਚ ਇਕ ਰੁੱਖ ਦੇ ਡਿਗ ਜਾਣ ਨਾਲ 3 ਲੋਕ ਜ਼ਖ਼ਮੀ ਹੋ ਗਏ ਹਨ | ਚੱਕਰਵਾਤ ਦੇ ਦਸਤਕ (ਲੈਂਡਫਾਲ) ਦੀ ਪ੍ਰਕਿਰਿਆ ਅੱਧੀ ਰਾਤ ਤੱਕ ਪੂਰੀ ਹੋ ਜਾਏਗੀ | ਮੌਸਮ ਵਿਭਾਗ ਦੇ ਡੀ.ਜੀ. ਮਰੁਤਯੁਨਜੇਅ ਮੋਹਾਪਾਤਰਾ ਨੇ ਦੱਸਿਆ ਕਿ ਕੱਛ ਤੇ ਦੇਵਭੂਮੀ ਦਵਾਰਕਾ ਜ਼ਿਲਿ੍ਹਆਂ ‘ਚ ਸੰਘਣੇ ਬੱਦਲ ਛਾ ਗਏ ਹਨ ਅਤੇ ਚੱਕਰਵਾਤ ਦੇ ਦਸਤਕ ਦੀ ਪ੍ਰਕਿਰਿਆ ਅੱਧੀ ਰਾਤ ਤੱਕ ਜਾਰੀ ਰਹੇਗੀ | ਇਹ ਲੈਂਡਫਾਲ ਇਕ ਚੱਕਰਵਾਤੀ ਤੂਫ਼ਾਨ ਨੂੰ ਦਰਸਾਂਦਾ ਹੈ ਜਿਹੜਾ ਪਾਣੀ ਦੇ ਉਪਰ ਹੋਣ ਬਾਅਦ ਜ਼ਮੀਨ ‘ਤੇ ਘੁੰਮ ਰਿਹਾ ਹੈ | ਚੱਕਰਵਾਤ ਦਾ ਵਿਆਸ ਕਰੀਬ 50 ਕਿੱਲੋਮੀਟਰ ਹੈ ਤੇ ਇਹ 13-14 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ | ਮੋਹਾਪਾਤਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੁਝ ਇਲਾਕਿਆਂ ‘ਚ 25 ਸੀ.ਐਮ. ਤੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ ਤੇ ਨੀਵੀਆਂ ਥਾਵਾਂ ‘ਤੇ ਹੜ੍ਹਾਂ ਦਾ ਖ਼ਤਰਾ ਹੈ | ਕੱਛ ਦੇ ਮੰਡਾਵੀ ਕਸਬੇ ਤੇ ਜਖਾਊ ‘ਚ ਤੂਫ਼ਾਨ ਨੇ ਕਈ ਰੁੱਖਾਂ ਨੂੰ ਜੜੋ੍ਹਾ ਪੁੱਟ ਦਿੱਤਾ ਹੈ ਤੇ ਕਈ ਬਿਜਲੀ ਦੇ ਪੋਲ ਡਿਗ ਗਏ ਹਨ | ਲੋਕਾਂ ਦੇ ਘਰਾਂ ਤੋਂ ਟੀਨਾਂ ਤੇ ਪਲਾਸਟਿਕ ਦੀਆਂ ਛੱਤਾਂ ਵੀ ਉਡਣ ਦੀਆਂ ਖਬਰਾਂ ਹਨ |
ਚੱਕਰਵਾਤ ਦੇ ਮੱਦੇਨਜ਼ਰ ਸੂਬਾ ਪ੍ਰਸ਼ਾਸਨ ਨੇ 8 ਤੱਟੀ ਜ਼ਿਲਿ੍ਹਆਂ ਤੋਂ 94000 ਤੋਂ ਵੱਧ ਲੋਕਾਂ ਨੂੰ ਆਰਜ਼ੀ ਆਸਰਾ ਕੈਂਪਾਂ ‘ਚ ਤਬਦੀਲ ਕੀਤਾ ਹੈ | ਗੁਜਰਾਤ ਸਰਕਾਰ ਨੇ ਬਿਆਨ ‘ਚ ਕਿਹਾ ਕਿ ਕੱਛ, ਦੇਵਭੂਮੀ ਦਵਾਰਕਾ, ਜਾਮਨਗਰ, ਮੋਰਬੀ, ਰਾਜਕੋਟ, ਜੂਨਾਗੜ੍ਹ, ਪੋਰਬੰਦਰ ਤੇ ਗੀਰ ਸੋਮਨਾਥ ਜ਼ਿਲ੍ਹੇ ਤੋਂ 94,427 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ | ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਗਾਂਧੀਨਗਰ ‘ਚ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਪਹੁੰਚ ਕੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੇ ਹਰ ਰਾਹਤ ਮੁਹੱਈਆ ਕਰਵਾਉਣ ਲਈ ਢੁੱਕਵੇਂ ਕਦਮ ਚੁੱਕਣ ਲਈ ਕਿਹਾ | ਦੂਜੇ ਪਾਸੇ ਐਨ.ਡੀ.ਆਰ.ਐਫ. ਦੇ ਡੀ.ਜੀ. ਅਤੁਲ ਕਰਵਲ ਨੇ ਕਿਹਾ ਕਿ ਐਨ.ਡੀ.ਆਰ.ਐਫ. ਸਮੇਤ ਹੋਰ ਏਜੰਸੀਆਂ ਇਹ ਯਕੀਨੀ ਕਰਨ ਦਾ ਯਤਨ ਕਰ ਰਹੀਆਂ ਹਨ ਕਿ ਚੱਕਰਵਾਤ ਤੋਂ ਜਾਨ ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ | ਉਨ੍ਹਾਂ ਕਿਹਾ ਕਿ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਤੱਟਾਂ ‘ਤੇ ਖੜ੍ਹਾ ਕਰ ਦਿੱਤਾ ਹੈ ਤੇ ਵੱਡੇ ਜਹਾਜ਼ਾਂ ਨੂੰ ਡੂੰਘੇ ਸਮੁੰਦਰ ‘ਚ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਨੇ ਦੇਸ਼ ਦੇ ਉੱਤਰ (ਬਠਿੰਡਾ, ਪੰਜਾਬ), ਪੂਰਬੀ (ਮੁੰਡਲੀ, ਓਡੀਸ਼ਾ) ਤੇ ਦੱਖਣੀ (ਅਰਾਕੋਨਮ, ਚੇਨਈ) ਹਿੱਸਿਆਂ ‘ਚ ਆਪਣੀਆਂ 15 ਟੀਮਾਂ ਨੂੰ ਅਲਰਟ ‘ਤੇ ਰੱਖਿਆ ਹੈ ਤਾਂ ਕਿ ਲੋੜ ਪੈਣ ‘ਤੇ ਉਨ੍ਹਾਂ ਨੂੰ ਗੁਜਰਾਤ ਤੇ ਮਹਾਰਾਸ਼ਟਰ ਲਿਆਂਦਾ ਜਾ ਸਕੇ ਅਤੇ ਪ੍ਰਭਾਵਿਤ ਖੇਤਰਾਂ ‘ਚ ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ 33 ਦਸਤਿਆਂ ਨੂੰ ਮਦਦ ਮਹੱਈਆ ਕਰਵਾਈ ਜਾ ਸਕੇ | ਗੁਜਰਾਤ ‘ਚ ਐਨ.ਡੀ.ਆਰ.ਐਫ. ਦੇ 18 ਦਸਤੇ ਤਾਇਨਾਤ ਕੀਤੇ ਗਏ ਹਨ



Scroll to Top