ਖੋਜਾਰਥੀ ਅਨੂ ਰਾਣੀ ਦਾ ਖੋਜ ਕਾਰਜ ਪੇਟੈਂਟ ਲਈ ਪ੍ਰਕਾਸਿ਼ਤ ਹੋਇਆ

ਅਜਿਹਾ ਹੋਣ ਨਾਲ਼ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਲਾਭ ਪਹੁੰਚ ਸਕਦਾ ਹੈ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕੰਪਿਊਟਰ ਵਿਗਿਆਨ ਵਿਭਾਗ ਦੀ ਖੋਜਾਰਥੀ ਅਨੂ ਰਾਣੀ ਦਾ ਖੋਜ ਕਾਰਜ ਪੇਟੈਂਟ ਲਈ ਪ੍ਰਕਾਸਿ਼ਤ ਹੋਇਆ ਹੈ। ਪੇਟੈਂਟ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਇਸ ਨੂੰ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਉਹ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਅਤੇ ਡੀ..ਏ.ਵੀ. ਕਾਲਜ ਜਲੰਧਰ ਤੋਂ ਡਾ. ਲਲਿਤ ਗੋਇਲ ਅਧੀਨ ਖੋਜ ਕਾਰਜ ਕਰ ਰਹੀ ਹੈ।
ਪ੍ਰੋ. ਵਿਸ਼ਾਲ ਨੇ ਦੱਸਿਆ ਕਿ ਉਸ ਦਾ ਕੰਮ ਮੁੱਖ ਤੌਰ ਉੱਤੇ ਖ਼ਬਰਾਂ ਨੂੰ ਆਪਣੇ ਆਪ ਐਨੀਮੇਟਿਡ ਵੀਡੀਓ ਪ੍ਰਣਾਲ਼ੀ ਰਾਹੀਂ ਸੰਕੇਤਕ ਭਾਸ਼ਾ ਵਿੱਚ ਤਬਦੀਲ ਕਰਨ ਦਾ ਤਕਨੀਕੀ ਢੰਗ ਲੱਭਣ ਨਾਲ਼ ਜੁੜਿਆ ਹੈ। ਅਜਿਹਾ ਹੋਣ ਨਾਲ਼ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਲਾਭ ਪਹੁੰਚ ਸਕਦਾ ਹੈ ਕਿਉਂਕਿ ਉਨ੍ਹਾਂ ਲਈ ਇਸ ਤਕਨੀਕ ਰਾਹੀਂ ਨਿਯਮਤ ਰੂਪ ਵਿੱਚ ਸੰਕੇਤਕ ਭਾਸ਼ਾ ਵਿੱਚ ਖ਼ਬਰਾਂ ਦੀ ਸਮੱਗਰੀ ਉਪਲਬਧ ਹੋ ਸਕਦੀ ਹੈ।
ਅਨੂ ਰਾਣੀ ਦੇ ਦੱਸਿਆ ਕਿ ਇਸ ਸੰਬੰਧੀ ਵਿਕਸਤ ਕੀਤੀ ਪ੍ਰਣਾਲੀ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਡੈੱਫ ਐਂਡ ਬਲਾਈਂਡ ਸਕੂਲ ਪਟਿਆਲਾ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਸੁਣਨ ਤੋਂ ਅਸਮਰਥ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨਾਲ਼ ਸੰਵਾਦ ਰਚਾਇਆ ਗਿਆ। ਇਸ ਨਿਊਜ਼ ਟੈਲੀਕਾਸਟ ਸਿਸਟਮ ਦੀ ਜਾਂਚ ਲਈ ਲੋੜੀਂਦੇ ਵਾਕਾਂ ਦੀ ਚੋਣ ਵੱਖ-ਵੱਖ ਨਿਊਜ਼ ਚੈਨਲਾਂ ਜਿਵੇਂ ਕਿ ਡੀਡੀ ਨਿਊਜ਼ ਫਾਰ ਹੀਅਰਿੰਗ ਇੰਪੇਅਰਡ, ਆਈਐਸਐਚ ਨਿਊਜ਼, ਅਤੇ ਇੰਡੀਆ ਟੂਡੇ ਆਦਿ ਤੋਂ ਲਈ ਗਈ ਹੈ।ਉਨ੍ਹਾਂ ਦੱਸਿਆ ਕਿ ਖ਼ਬਰਾਂ ਦੇ ਕੁੱਲ 1112 ਵਾਕਾਂ ਦੀ ਜਾਂਚ ਕੀਤੀ ਗਈ। ਸੁਣਨ ਤੋਂ ਅਸਮਰਥ ਲੋਕਾਂ ਲਈ ਵਿਕਸਤ ਇਸ ਅੰਗਰੇਜ਼ੀ ਨਿਊਜ਼ ਟੈਲੀਕਾਸਟ ਸਿਸਟਮ ਨਾਲ਼ ਆਮ ਤੌਰ ‘ਤੇ 79.94% ਸਹੀ ਨਤੀਜੇ ਵੇਖੇ ਗਏ।
ਪ੍ਰੋ. ਵਿਸ਼ਾਲ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਸਿਸਟਮ ਦੁਨੀਆਂ ਵਿੱਚ ਪਹਿਲੀ ਵਾਰ ਤਿਆਰ ਕੀਤਾ ਗਿਆ ਹੈ। ਸਮੇਂ ਸਮੇਂ ਉੱਪਰ ਇਸ ਦੀ ਸ਼ੱਧਤਾ ਦਰ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ‘ਰਿਸਰਚ ਸੈਂਟਰ ਫ਼ਾਰ ਟੈਕਨੌਲਜੀ ਡਿਵੈਲਪਮੈਂਟ ਫ਼ਾਰ ਡਿਫ਼ਰੈਂਟਲੀ ਏਬਲਡ ਪਰਸਨਜ਼’ ਵੱਲੋਂ ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਉੱਤੇ ਹੋਣ ਵਾਲੀਆਂ ਵੱਖ-ਵੱਖ ਸੂਚਨਾਵਾਂ ਨੂੰ ਸੁਣਨ ਬੋਲਣ ਤੋਂ ਅਸਮਰਥ ਲੋਕਾਂ ਲਈ ਸੰਕੇਤਕ ਭਾਸ਼ਾ ਵਿੱਚ ਤਬਦੀਲ ਕਰਨ ਲਈ ਵੀ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਵੀ ਆਪਣੇ ਵਿੱਚ ਸੰਸਾਰ ਭਰ ਵਿੱਚ ਨਵੀਂ ਪਹਿਲਕਦਮੀ ਹੈ। ਇਸੇ ਸੈਂਟਰ ਵੱਲੋਂ ਅੰਗਰੇਜ਼ੀ ਭਾਸ਼ਾ ਤੋਂ ਭਾਰਤੀ ਸੰਕੇਤਕ ਭਾਸ਼ਾ ਵਿੱਚ ਐਨੀਮੇਟਿਡ ਵੀਡੀਓ ਬਣਾਉਣ ਹਿਤ ਆਪਣੇ ਆਪ ਤਰਜਮਾ ਹੋਣ ਦੀ ਵਿਵਸਥਾ ਉੱਤੇ ਵੀ ਕੰਮ ਕੀਤਾ ਗਿਆ ਹੈ। ਇਹ ਵੀ ਸੰਸਾਰ ਭਰ ਵਿੱਚ ਵੱਖਰੀ ਪਹਿਲਕਦਮੀ ਹੈ। ਇਸ ਸਿਸਟਮ ਦੀ ਵਰਤੋਂ ਸੁਣਨ ਤੋਂ ਅਸਮਰੱਥ ਲੋਕਾਂ ਵਾਸਤੇ ਪੜ੍ਹਨ-ਲਿਖਣ ਦੀ ਸਮੱਗਰੀ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਖੋਜਾਰਥੀ, ਉਸ ਦੇ ਨਿਗਰਾਨ ਅਤੇ ਵਿਭਾਗ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਸਮਾਜ ਦੀ ਭਲਾਈ ਵਿੱਚ ਸਿੱਧੇ ਤੌਰ ਉੱਤੇ ਲਾਹੇਵੰਦ ਸਾਬਿਤ ਹੁੰਦੀਆਂ ਹਨ।
