ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ੇਰਾਂ ਵਾਲਾ ਗੇਟ ਤੋਂ ਭਾਸ਼ਾ ਵਿਭਾਗ ਤੱਕ ਟੁੱਟੀ ਸੜਕ ਨਵੀਂ ਬਨਾਉਣ ਲਈ ਕੀਤਾ ਉਦਘਾਟਨ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ੇਰਾਂ ਵਾਲਾ ਗੇਟ ਤੋਂ ਭਾਸ਼ਾ ਵਿਭਾਗ ਤੱਕ ਟੁੱਟੀ ਸੜਕ ਨਵੀਂ ਬਨਾਉਣ ਲਈ ਕੀਤਾ ਉਦਘਾਟਨ
-ਕਿਹਾ, ਸ਼ਹਿਰ ’ਚ ਟੁੱਟੀਆਂ ਸੜਕਾਂ ਬਣਨੀਆਂ ਸ਼ੁਰੂ, ਕੋਈ ਸੜਕ ਅਧੂਰੀ ਨਹੀਂ ਰਹੇਗੀ
ਪਟਿਆਲਾ, 24 ਅਕਤੂਬਰ : ਪਟਿਆਲਾ ਸ਼ਹਿਰ ਵਿਖੇ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਾਂ ਪਾਉਣ ਵਾਸਤੇ ਐਲ ਐਂਡ ਟੀ ਵੱਲੋਂ ਪੁੱਟੀਆਂ ਗਈਆਂ ਸੜਕਾਂ ਬਨਣੀਆਂ ਸ਼ੁਰੂ ਹੋ ਗਈਆਂ ਹਨ ।ਅੱਜ ਇੱਥੇ ਸ਼ੇਰਾਂ ਵਾਲਾ ਗੇਟ ਤੋਂ ਭਾਸ਼ਾ ਵਿਭਾਗ ਤੱਕ ਸੜਕ ਬਨਾਉਣ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਅਤੇ ਐਲ ਐਂਡ ਟੀ ਦੇ ਅਧਿਕਾਰੀ ਵੀ ਮੌਜੂਦ ਸਨ । ਵਿਧਾਇਕ ਕੋਹਲੀ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਬੇਹਤਰ ਸਪਲਾਈ ਅਤੇ ਨਹਿਰ ਤੋਂ ਪਾਣੀ ਲਿਆ ਕੇ ਉਸ ਨੂੰ ਪੀਣਯੋਗ ਬਨਾਉਣ ਲਈ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ । ਇਹ ਪ੍ਰੋਜੈਕਟ ਜਲਦੀ ਹੀ ਲੋਕਾਂ ਨੂੰ ਸਮਰਪਿਤ ਹੋ ਜਾਵੇਗਾ । ਇਸ ਪ੍ਰੋਜੈਕਟ ਲਈ ਪਾਈਪਾਂ ਪਾਉਣ ਵਾਸਤੇ ਐਲ ਐਂਡ ਟੀ ਕੰਪਨੀ ਸੜਕਾਂ ਪੁੱਟੀਆਂ ਸਨ, ਜਿਸ ਨੂੰ ਬਨਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ । ਇਹ ਸੜਕਾਂ ਹੁਣ ਪਹਿਲਾਂ ਦੀ ਤਰ੍ਹਾਂ ਲੁੱਕ ਨਾਲ ਬਣਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਹ ਪਾਣੀ ਦਾ ਪ੍ਰੋਜੈਕਟ 288 ਕਰੋੜ ਦਾ ਹੈ, ਜਿਸ ਵਿੱਚੋਂ 15.60 ਕਰੋੜ ਸਿਰਫ਼ ਸੜਕਾਂ ਬਨਾਉਣ ਲਈ ਵਰਤਿਆ ਜਾਣਾ ਹੈ । ਇਸ ਲਈ ਸ਼ਹਿਰ ਵਿਚ ਜਿੱਥੇ-ਜਿੱਥੇ ਸੜਕ ਪੁੱਟੀ ਗਈ ਹੈ । ਉਸ ਨੂੰ ਬਨਾਉਣ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਦੇ ਵੱਡੇ ਵੱਡੇ ਦਾਵੇ ਕੀਤੇ ਪ੍ਰੰਤੂ ਪਟਿਆਲਾ ਵਿੱਚ ਵਿਕਾਸ ਹੁੰਦਾ ਕਿਸੇ ਨੇ ਨਹੀਂ ਦੇਖਿਆ । ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਪਟਿਆਲੇ ਦੇ ਬਾਕੀ ਇਲਾਕਿਆਂ ਵਿਚ ਵੀ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਇਸ ਮੌਕੇ ਦੁਕਾਨਦਾਰਾਂ ਨੇ ਐੱਮ. ਐਲ. ਏ. ਕੋਹਲੀ ਦਾ ਧੰਨਵਾਦ ਕੀਤਾ । ਦੁਕਾਨਦਾਰਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਅਤੇ ਅਸੀਂ ਪਿਛਲੀ ਕਿਸੇ ਵੀ ਸਰਕਾਰ ਸਮੇਂ ਵਿਧਾਇਕ ਅਤੇ ਮੰਤਰੀ ਦੇ ਦਰਸ਼ਨ ਨਹੀਂ ਕੀਤੇ। ਇਸ ਲਈ ਹੁਣ ਪਹਿਲੀ ਵਾਰ ਹੋਇਆ ਕਿ ਆਪਣੇ ਕਿਸੇ ਵੀ ਕੰਮ ਲਈ ਜਦੋਂ ਵੀ ਲੋੜ ਹੋਵੇ ਨਿਜੀ ਤੌਰ ’ਤੇ ਵਿਧਾਇਕ ਨੂੰ ਖ਼ੁਦ ਮਿਲ ਸਕਦੇ ਹਾਂ । ਵਿਧਾਇਕ ਕੋਹਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਜਿੰਨੇ ਕੰਮ ਪਿਛਲੇ ਢਾਈ ਸਾਲਾਂ ’ਚ ਹੋਏ ਹਨ । ਉਹ ਰਿਕਾਰਡਤੋੜ ਹਨ। ਇਸ ਲਈ ਹੁਣ ਜਲਦੀ ਹੀ ਰਹਿੰਦੇ ਕੰਮ ਮੁਕੰਮਲ ਹੋ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਪੱਖੋਂ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ ।
