ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਵੱਲੋਂ ਪਰਾਲੀ ਸਾੜਨ ਵਿਰੁੱਧ ਉਪਰਾਲਾ, ਖੇਤਾਂ 'ਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 24 October, 2024, 05:57 PM

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਪਰਾਲੀ ਸਾੜਨ ਵਿਰੁੱਧ ਉਪਰਾਲਾ, ਖੇਤਾਂ ‘ਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ
-ਪਿੰਡ ਘੰਗਰੋਲੀ ਵਿਖੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ਖੇਤਾਂ ‘ਚ ਕੀਤਾ ਸਨਮਾਨ
-ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਮਸ਼ੀਨਰੀ-ਡੀ.ਸੀ
-ਪਰਾਲੀ ਨੂੰ ਅੱਗ ਨਾ ਲਗਾ ਕੇ ਕਿਸਾਨ ਵਾਤਾਵਰਣ ਬਚਾਉਣ : ਐਸ.ਐਸ.ਪੀ.
-ਪਰਾਲੀ ਤੋਂ ਬਾਇਓਮਾਸ ਪੈਲੇਟਸ ਬਣਾਉਣ ਵਾਲੀ ਐਸ.ਪੀ.ਐਸ. ਈਕੋ ਫਰੈਂਡਲੀ ਫਿਊਲਜ਼ ਫੈਕਟਰੀ ਦਾ ਵੀ ਦੌਰਾ
ਸਮਾਣਾ/ਪਟਿਆਲਾ, 24 ਅਕਤੂਬਰ : ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਬੀਤੀ ਦੇਰ ਸ਼ਾਮ ਜ਼ਿਲ੍ਹੇ ਦੀ ਸਮਾਣਾ ਸਬ ਡਵੀਜਨ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਘੰਗਰੋਲੀ ਵਿਖੇ ਜਿੱਥੇ ਇੱਕ ਖੇਤ ਵਿੱਚ ਲੱਗੀ ਅੱਗ ਖ਼ੁਦ ਕੋਲ ਖੜ੍ਹਕੇ ਬੁਝਵਾਈ, ਉਥੇ ਹੀ ਇਸੇ ਪਿੰਡ ਦੇ ਦੋ ਕਿਸਾਨਾਂ ਵੱਲੋਂ ਪਰਾਲੀ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਨ੍ਹਾਂ ਦਾ ਖੇਤਾਂ ਵਿੱਚ ਜਾ ਕੇ ਸਨਮਾਨ ਵੀ ਕੀਤਾ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਸਮਾਣਾ-ਚੀਕਾ ਰੋਡ ‘ਤੇ ਪਿੰਡ ਬਦਨਪੁਰ ਵਿਖੇ ਪਰਾਲੀ ਤੋਂ ਬਾਇਓਮਾਸ ਪੈਲੇਟਸ ਬਣਾਉਣ ਵਾਲੀ ਐਸ.ਪੀ.ਐਸ. ਈਕੋ ਫਰੈਂਡਲੀ ਫਿਊਲਜ਼ ਦਾ ਦੌਰਾ ਵੀ ਕੀਤਾ, ਜਿੱਥੇ ਰਾਜੀਵ ਸ਼ੰਟੀ, ਮੁਨੀਸ਼ ਕੁਮਾਰ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੂਰੀ ਸਫ਼ਲਤਾ ਪੂਰਵਕ ਚੱਲ ਰਿਹਾ ਹੈ ਅਤੇ ਪਰਾਲੀ ਦਾ ਪੱਕਾ ਹੱਲ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀ ਮੌਜੂਦਗੀ ‘ਚ ਪਿੰਡ ਘੰਗਰੋਲੀ ਦੇ ਪਰਾਲੀ ਨਾ ਸਾੜਨ ਵਾਲੇ ਤੇ ਬੇਲਰ ਨਾਲ ਸੰਭਾਲ ਕੇ ਇਸਦੀਆਂ ਗੱਠਾਂ ਬਣਵਾਉਣ ਵਾਲੇ ਕਿਸਾਨਾਂ ਅਵਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ, ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦੇ ਸੁਚੱਜੇ ਪ੍ਰਬੰਧਨ ਲਈ ਅੱਗੇ ਆਉਣ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਸਮੇਂ ਸਿਰ ਉਨ੍ਹਾਂ ਨੂੰ ਮਸ਼ੀਨਰੀ ਉਪਬਲੱਧ ਕਰਵਾ ਦਿੱਤੀ ਹੈ ।
ਇਸੇ ਦੌਰਾਨ ਇੱਕ ਖੇਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਖ਼ੁਦ ਅਗਵਾਈ ਕੀਤੀ, ਥਾਣਾ ਸਦਰ ਸਮਾਣਾ ਦੇ ਐਸ.ਐਚ.ਓ. ਅਵਤਾਰ ਸਿੰਘ ਨੇ ਟ੍ਰੈਕਟਰ ਚਲਾ ਕੇ ਅਤੇ ਚੌਂਕੀ ਇੰਚਾਰਜ ਮਵੀ ਕਲਾਂ ਏ.ਐਸ.ਆਈ. ਹਰਦੀਪ ਸਿੰਘ ਤੇ ਹੋਰ ਮੁਲਾਜਮਾਂ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਲੋਕਾਂ ਨੂੰ ਇਸ ਨਾਲ ਸਾਂਹ ਤੇ ਹੋਰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ। ਕਿਸਾਨ ਪਰਾਲੀ ਸੰਭਾਲਣ ਲਈ ਬੇਲਰ ਤੇ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550 ‘ਤੇ ਸੰਪਰਕ ਕਰਨ ਜਾਂ ਉਨਤ ਕਿਸਾਨ ਐਪ ਦਾ ਲਾਭ ਲੈਣ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਬਿਨ੍ਹਾਂ ਸਾੜੇ ਇਸਦੇ ਸੁਚੱਜੇ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ । ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਕਿਸੇ ਵੀ ਕੀਮਤ ਉਤੇ ਖੇਤਾਂ ਵਿੱਚ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਦੇ ਨਾਲ ਡੀ. ਐਸ. ਪੀ. ਸਮਾਣਾ ਜੀ.ਐਸ. ਸਿਕੰਦ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ ਵੀ ਮੌਜੂਦ ਸਨ।
****