ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਲਿਆ ਸ਼੍ਰੋਮਣੀ ਕਮੇਟੀ ਚੋਣਾਂ ਲਈ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਦਾ ਗੰਭੀਰ ਨੋਟਿਸ : ਬਿਕਰਮ ਸਿੰਘ ਮਜੀਠੀਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 23 October, 2024, 09:30 AM

ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਲਿਆ ਸ਼੍ਰੋਮਣੀ ਕਮੇਟੀ ਚੋਣਾਂ ਲਈ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਦਾ ਗੰਭੀਰ ਨੋਟਿਸ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਰ ਕਮੇਟੀ ਵਲੋਂ ਨਵੇਂ ਪੰਥ ਵਿਰੋਧੀਆਂ ਦੇ ਗਠਜੋੜ ਦਾ ਗੰਭੀਰ ਨੋਟਿਸ ਲਿਆ ਗਿਆ ਜਿਨ੍ਹਾਂ ਦਾ ਇੱਕੋ ਇਕ ਮਕਸਦ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਮੀਦਵਾਰੀ ਦੀ ਹਮਾਇਤ ਕਰਨਾ ਹੈ। ਉਹਨਾਂ ਕਿਹਾ ਕਿ ਕੋਰ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਹ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਉਪਰੋਕਤ ਵਿਰੋਧੀ ਧੜਿਆਂ ਵਲੋਂ ਬੀਬੀ ਜਗੀਰ ਕੌਰ ਦੇ ਹੱਕ ਵਿਚ ਵੋਟਾਂ ਪਾਉਣ ਵਾਸਤੇ ਆਖਿਆ ਜਾ ਰਿਹਾ ਹੈ। ਮਜੀਠੀਆ ਨੇ ਸੁਧਾਰ ਲਹਿਰ ਧੜੇ ਨੂੰ ਅਨੇਕਾਂ ਸਵਾਲਾਂ ਦੇ ਜਵਾਬ ਦੇਣੇ
ਪੈਣਗੇ ਸਬੰਧੀ ਆਖਦਿਆਂ ਕਿਹਾ ਕਿ ਸੁਧਾਰ ਲਹਿਰ ਨੇ ਹਰਿਆਣਾ ਚੋਣਾਂ ਵਿਚ ਆਪ ਤੇ ਭਾਜਪਾ ਦਾ ਸਾਥ ਦਿੱਤਾ ਤੇ ਜੰਮੂ-ਕਸ਼ਮੀਰ ਵਿਚ ਵੀ ਭਾਜਪਾ ਲਈ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਾਂ ਜਬਰ ਜਨਾਹ ਦੇ ਦੋਸ਼ੀ ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਹਰਿਆਣਾ ਵਿਚ ਭਾਜਪਾ ਦੀ ਹਮਾਇਤ ਕਰਨ ਲਈ ਉਸਦਾ ਧੰਨਵਾਦ ਵੀ ਕੀਤਾ ਹੈ। ਉਹਨਾਂ ਕਿਹਾ ਕਿ ਸੁਧਾਰ ਲਹਿਰ ਤੇ ਬੀਬੀ ਜਗੀਰ ਕੌਰ ਸਪਸ਼ਟ ਕਰਨ ਕਿ ਕੀ ਉਹ ਵੀ ਇਸ ਦੇ ਹਮਾਇਤੀ ਹਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੀਬੀ ਜਗੀਰ ਕੌਰ ਇਹ ਵੀ ਦੱਸਣ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਖਿਲਾਫ ਗੰਭੀਰ ਦੋਸ਼ਾਂ ਦੀ ਜਾਂਚ ਵਿਚਾਰ ਅਧੀਨ ਹੈ ਤਾਂ ਉਹ ਚੋਣ ਲੜ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚੁਣੌਤੀ ਦੇ ਰਹੇ ਹਨ? ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਆਉਂਦੀਆਂ ਜਿ਼ਮਨੀ ਚੋਣਾਂ ਲੜੇਗਾ ਜਾਂ ਨਹੀਂ ਤਾਂ ਮਜੀਠੀਆ ਨੇ ਕਿਹਾ ਕਿ ਤੁਹਾਨੂੰ ਅਫਵਾਹਾਂ ’ਤੇ ਵਿਸਾਹ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਪਾਰਟੀ ਦਾ ਪਾਰਲੀਮਾਨੀ ਬੋਰਡ ਛੇਤੀ ਹੀ ਇਸ ਮਾਮਲੇ ’ਤੇ ਸਥਿਤੀ ਸਪਸ਼ਟ ਕਰ ਦੇਵੇਗਾ। ਉਹਨਾਂ ਕਿਹਾ ਕਿ ਸੁਧਾਰ ਲਹਿਰ ਭਾਜਪਾ ਨਾਲ ਸਮਝੌਤੇ ਤਹਿਤ ਜਿ਼ਮਨੀ ਚੋਣਾਂ ਨਹੀਂ ਲੜ ਰਿਹਾ ਤੇ ਭਾਜਪਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਸਦੀ ਮਦਦ ਦਾ ਭਰੋਸਾ ਦੁਆਇਆ ਹੈ ਜਿਸਦੇ ਬਦਲੇ ਵਿਚ ਜ਼ਿਮਨੀ ਚੋਣਾਂ ਵਿੱਚ ਇਹਨਾਂ ਦੀ ਮਦਦ ਮੰਗੀ ਹੈ।