ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਕਿ ਭਾਜਪਾ ਨੇ ਆਪਣੇ ਹੀ ਲੋਕਾਂ ਖਿ਼ਲਾਫ਼ ਸਾਜਿ਼ਸ਼ ਰਚੀ ਹੈ : ਯਾਦਵ

ਦੁਆਰਾ: Punjab Bani ਪ੍ਰਕਾਸ਼ਿਤ :Wednesday, 23 October, 2024, 08:32 AM

ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਕਿ ਭਾਜਪਾ ਨੇ ਆਪਣੇ ਹੀ ਲੋਕਾਂ ਖਿ਼ਲਾਫ਼ ਸਾਜਿ਼ਸ਼ ਰਚੀ ਹੈ : ਯਾਦਵ
ਲਖਨਊ : ਮਹਿਰਾਜਗੰਜ ਹਿੰਸਾ ਮਾਮਲੇ ’ਚ ਇੱਕ ਭਾਜਪਾ ਵਿਧਾਇਕ ਵੱਲੋਂ ਆਪਣੀ ਹੀ ਪਾਰਟੀ ਦੇ ਸਹਿਯੋਗੀ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਰਾਉਣ ਤੋਂ ਕੁਝ ਦਿਨਾਂ ਬਾਅਦ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਕਿ ਭਾਜਪਾ ਨੇ ਆਪਣੇ ਹੀ ਲੋਕਾਂ ਖਿ਼ਲਾਫ਼ ਸਾਜਿ਼ਸ਼ ਰਚੀ ਹੈ। ਅਖਿਲੇਸ਼ ਨੇ ਬਹਿਰਾਈਚ ਦੀ ਮਹਿਸੀ ਸੀਟ ਤੋਂ ਭਾਜਪਾ ਵਿਧਾਇਕ ਸੁਰੇਸ਼ਵਰ ਸਿੰਘ ਵੱਲੋਂ ਦਰਜ ਕਰਵਾਏ ਕੇਸ ਬਾਰੇ ਮੀਡੀਆ ਰਿਪੋਰਟ ਵੀ ਐਕਸ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਇਹ ਕੇਸ ਭਾਰਤੀ ਜਨਤਾ ਯੁਵਾ ਮੋਰਚਾ ਦੇ ਸ਼ਹਿਰੀ ਪ੍ਰਧਾਨ ਅਰਪਿਤ ਸ੍ਰੀਵਾਸਤਵ ਸਮੇਤ ਕਈ ਅਣਪਛਾਤਿਆਂ ਖ਼ਿਲਾਫ਼ ਦਰਜ ਕਰਵਾਇਆ ਹੈ। ਸਪਾ ਮੁਖੀ ਨੇ ਦੋਸ਼ ਲਾਇਆ ਭਾਜਪਾ ਸੱਤਾ ਲਈ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਦੀ ਹੈ ਤੇ ਦੰਗਈ ਖੁਦ ਲੁਕੇ ਹੋਏ ਕੈਮਰੇ ਦੇ ਸਾਹਮਣੇ ਸੱਚਾਈ ਸਾਹਮਣੇ ਲਿਆ ਰਹੇ ਹਨ। ਭਾਜਪਾ ਨੇ ਅਜੇ ਅਖਿਲੇਸ਼ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।