ਸਿਹਤ ਵਿਭਾਗ ਨੇ ਬਸ ਰਾਹੀਂ ਬੀਕਾਨੇਰ ਤੋਂ ਲਿਆਂਦਾ ਜਾ ਰਿਹਾ 10 ਕੁਇੰਟਲ ਨਕਲੀ ਖੋਆ ਕੀਤਾ ਬਰਾਮਦ

ਸਿਹਤ ਵਿਭਾਗ ਨੇ ਬਸ ਰਾਹੀਂ ਬੀਕਾਨੇਰ ਤੋਂ ਲਿਆਂਦਾ ਜਾ ਰਿਹਾ 10 ਕੁਇੰਟਲ ਨਕਲੀ ਖੋਆ ਕੀਤਾ ਬਰਾਮਦ
ਅੰਮ੍ਰਿਤਸਰ : ਸਿਹਤ ਵਿਭਾਗ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਅਧਿਕਾਰੀਆਂ ਨੇ ਬੀਕਾਨੇਰ ਤੋਂ ਬਸ ਰਾਹੀਂ ਲਿਆਂਦੇ ਜਾ ਰਹੇ 10 ਕੁਇੰਟਲ ਨਕਲੀ ਖੋਏ ਨੂੰ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਖੋਆ ਬੀਕਾਨੇਰ ਤੋਂ ਬੱਸ ਵਿੱਚ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਸਵੇਰੇ 4 ਵਜੇ ਗੋਲਡਨ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤੇ ਬੀਕਾਨੇਰ ਤੋਂ ਸਾਢੇ ਚਾਰ ਵਜੇ ਬੱਸ ਆਈ । ਉਹਨਾਂ ਦੱਸਿਆ ਕਿ ਸ਼ੱਕ ਦੇ ਆਧਾਰ `ਤੇ ਟੀਮ ਨੇ ਬੱਸ ਦਾ ਪਿੱਛਾ ਕੀਤਾ ਅਤੇ ਸਿਟੀ ਸੈਂਟਰ ਕੋਲ ਆ ਕੇ ਬੱਸ ਨੂੰ ਰੋਕ ਲਿਆ। ਫਿਰ ਬੱਸ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ 20 ਬੋਰੀਆਂ ਵਿਚੋਂ ਖੋਆ ਬਰਾਮਦ ਹੋਇਆ ਜੋ ਕਿ ਕੁੱਲ 10 ਕੁਇੰਟਲ ਦੇ ਕਰੀਬ ਹੈ। ਇਹ ਖੋਆ ਬੀਕਾਨੇਰ ਦੇ ਸ਼ੰਕਰ ਲਾਲ ਨੇ ਭੇਜਿਆ ਹੈ। ਇਹ ਖੋਆ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ। ਅਧਿਕਾਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਵਿੱਚ ਮਠਿਆਈਆਂ ਦੀ ਜਿਆਦਾ ਮੰਗ ਕਾਰਨ ਲੋਕ ਗਲਤ ਢੰਗ ਨਾਲ ਇਹਨਾਂ ਨੂੰ ਤਿਆਰ ਕਰਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਸੀਂ ਪੂਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
