ਜੈਪੁਰ-ਅਜਮੇਰ ਹਾਈਵੇ ’ਤੇ ਹੋਏ ਝਗੜੇ ਨੂੰ ਲੈ ਕੇ ਦੋ ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਸਮੇਤ 5 ਸਸਪੈਂਡ

ਦੁਆਰਾ: News ਪ੍ਰਕਾਸ਼ਿਤ :Thursday, 15 June, 2023, 05:43 PM

ਸਾਰੇ ਅਫਸਰ ਆਈ ਪੀ ਐਸ ਦੀ ਨਵੀਂ ਪੋਸਟਿੰਗ ਲਈ ਦਿੱਤੀ ਪਾਰਟੀ ਕਰ ਕੇ ਵਾਪਸ ਆ ਰਹੇ ਸਨ
ਜੈਪੁਰ, 15 ਜੂਨ, 2023: ਰਾਜਸਥਾਨ ਵਿਚ ਜੈਪੁਰ-ਅਜਮੇਰ ਹਾਈਵੇ ’ਤੇ ਸਥਿਤ ਰੈਸਟੋਰੈਂਟ ਵਿਚ ਹੋਏ ਝਗੜੇ ਨੂੰ ਲੈ ਕੇ ਇਕ ਆਈ ਏ ਐਸ ਅਫਸਰ ਅਤੇ ਇਕ ਆਈ ਪੀ ਐਸ ਅਫਸਰ ਸਮੇਤ 5 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਝਗੜਾ ਐਤਵਾਰ ਦੀ ਰਾਤ ਨੂੰ ਹੋਇਆ ਸੀ ਜੋ ਰੈਸਟੋਰੈਂਟ ਦੇ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਗਿਆ।
ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਲੋਕ ਇਕ ਦੂਜੇ ’ਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿਚ ਅਜਮੇਰ ਡਵੈਲਪਮੈਂਟ ਅਥਾਰਟੀ ਦੇ ਕਮਿਸ਼ਨਰ ਗਿਰੀਧਰ ਅਤੇ ਗੰਗਾਪੁਰ ਸਿਟੀ ਪੁਲਿਸ ਵਿਚ ਓ ਐਸ ਡੀ ਵਜੋਂ ਤਾਇਨਾਤ ਆਈ ਪੀ ਐਸ ਅਫਸਰ ਸੁਸ਼ੀਲ ਕੁਮਾਰ ਬਿਸ਼ਨੋਈ, ਇਕ ਕਾਂਸਟੇਬਲ ਤੇ ਦੋ ਹੋਰ ਸਰਕਾਰੀ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏਹਨ। ਇਹ ਸਾਰੇ ਅਫਸਰ ਆਈ ਪੀ ਐਸ ਦੀ ਨਵੀਂ ਪੋਸਟਿੰਗ ਲਈ ਦਿੱਤੀ ਪਾਰਟੀ ਕਰ ਕੇ ਵਾਪਸ ਆ ਰਹੇ ਸਨ ਤੇ ਇਹ ਰੈਸਟੋਰੈਂਟ ਦੇ ਬਾਹਰ ਬਾਥਰੂਮ ਦੀਵਰਤੋਂ ਵਾਸਤੇ ਰੁਕ ਗਏ।
ਜਦੋਂ ਇਹਨਾਂ ਨੇ ਸਟਾਫ ਨੂੰ ਬਾਥਰੂਮ ਖੋਲ੍ਹਣ ਵਾਸਤੇ ਕਿਹਾ ਤਾਂ ਇਹਨਾਂ ਨੇ ਅੱਗੋਂ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਆਈ ਪੀ ਐਸ ਅਫਸਰ ਨੇ ਬਾਹਰ ਬੁਨੈਣ ਵਿਚ ਘੁੰਮ ਰਹੇ ਸਟਾਫ ਨੂੰ ਚਪੇੜ ਮਾਰ ਦਿੱਤੀ। ਜਦੋਂ ਰੈਸਟੋਰੈਂਟ ਮੁਲਾਜ਼ਮ ਅੱਗੋਂ ਪੈ ਨਿਕਲੇ ਤਾਂ ਆਈ ਪੀ ਐਸ ਅਫਸਰ ਮੌਕੇ ਤੋਂ ਨਿਕਲ ਗਿਆ।
ਰੈਸਟੋਰੈਂਟ ਮਾਲਕ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਅਫਸਰ ਕੁਝ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਆਇਆ ਤੇ ਸਾਡੇ ਸਟਾਫ ਨੂੰ ਕੁੱਟਿਆ। ਇਸ ਮਾਮਲੇ ਵਿਚ ਪੰਜ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਮੁਖੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਤੇ ਆਈ ਪੀ ਐਸ ਅਫਸਰ ਬਿਸ਼ਨੋਈ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ।