ਮੋਦੀ ਕਾਲਜ ਵੱਲੋਂ ਖੇਤਰੀ ਯੁਵਕ ਮੇਲੇ ਦੀਆਂ ਥੀਏਟਰ ਪੇਸ਼ਕਾਰੀਆਂ ਅਤੇ ਹੋਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਣ

ਦੁਆਰਾ: Punjab Bani ਪ੍ਰਕਾਸ਼ਿਤ :Saturday, 26 October, 2024, 03:17 PM

ਮੋਦੀ ਕਾਲਜ ਵੱਲੋਂ ਖੇਤਰੀ ਯੁਵਕ ਮੇਲੇ ਦੀਆਂ ਥੀਏਟਰ ਪੇਸ਼ਕਾਰੀਆਂ ਅਤੇ ਹੋਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਣ
ਪਟਿਆਲਾ :ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਨੇ ਖਾਲਸਾ ਕਾਲਜ, ਪਟਿਆਲਾ ਵਿੱਚ ਕਰਵਾਏ ਗਏ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ਦੇ ਵੱਖ – ਵੱਖ ਮੁਕਾਬਲਿਆਂ ਵਿਚ ਥੀਏਟਰ ਦੀ ਓਵਰਆਲ ਟਰਾਫੀ ਅੰਕਾਂ ਦੀ ਬਰਾਬਰੀ ਕਰਦਿਆਂ ਖਾਲਸਾ ਕਾਲਜ ਨਾਲ ਸਾਂਝੇ ਰੂਪ ਵਿਚ ਜਿੱਤੀ। ਕਾਲਜ ਪ੍ਰਿੰਸੀਪਲ ਡਾ.ਨੀਰਜ ਗੋਇਲ ਜੀ ਨੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਕਾਲਜ ਪੁੱਜਣ ਉੱਤੇ ਵਧਾਈ ਦਿੰਦਿਆਂ ਟੀਮ-ਇੰਚਾਰਜਾਂ ਤੇ ਟੀਮਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਕਾਲਜ ਦਾ ਮਾਣ ਵਧਾਉਣ ਲਈ ਭਰਵੀਂ ਪ੍ਰਸੰਸਾ ਕੀਤੀ। ਇਸ ਮੌਕੇ ਤੇ ਡੀਨ, ਸੱਭਿਆਚਾਰਕ ਗਤੀਵਿਧੀਆਂ ਪ੍ਰੋ .ਨੀਨਾ ਸਰੀਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਮੋਦੀ ਕਾਲਜ ਨੇ ਨਾਟਕ ਤੇ ਮਾਈਮ ਚੋਂ ਪਹਿਲਾ ਸਥਾਨ, ਸਕਿੱਟ ਤੇ ਕਾਵਿ ਉਚਾਰਨ ਚੋਂ ਦੂਜਾ ਸਥਾਨ ਅਤੇ ਮਿਮਿਕਰੀ, ਜਰਨਲ ਕੁਇੱਜ਼,ਰੰਗੋਲੀ, ਕੋਲਾਜ ਰਚਨਾ ਤੇ ਇੰਡੀਅਨ ਗਰੁੱਪ ਸੌਂਗ ਆਈਟਮਾਂ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ । ਪ੍ਰਿੰਸੀਪਲ ਡਾ. ਨੀਰਜ ਗੋਇਲ ਅਤੇ ਡੀਨ, ਸੱਭਿਆਚਾਰਕ ਗਤੀਵਿਧੀਆਂ ਪ੍ਰੋ. ਨੀਨਾ ਸਰੀਨ ਜੀ ਨੇ ਇਨ੍ਹਾਂ ਮੁਕਾਬਲਿਆਂ ਵਿੱਚੋਂ ਜੇਤੂ ਵੱਖ-ਵੱਖ ਟੀਮਾਂ ਦੇ ਇੰਚਾਰਜ ਟੀਚਰ ਸਾਹਿਬਾਨ ਖ਼ਾਸ ਕਰਕੇ ਸਟੇਜ ਆਈਟਮਾਂ ਸਦਕਾ ਕਾਲਜ ਨੂੰ ਪ੍ਰਾਪਤ ਹੋਈ ਥੀਏਟਰ ਆਈਟਮਾਂ ਦੀ ਓਵਰਆਲ ਟਰਾਫੀ ਲਈ ਨਾਟਕ,ਸਕਿੱਟ, ਮਾਈਮ ਤੇ ਮਿਮਿਕਰੀ ਆਈਟਮਾਂ ਦੇ ਨਿਰਦੇਸ਼ਕ ਪ੍ਰੋ. ਕਪਿਲ ਸ਼ਰਮਾ, ਪ੍ਰੋ. ਗੁਰਵਿੰਦਰ ਸਿੰਘ ਆਲਿਫ਼ ਅਤੇ ਓਹਨਾ ਦੇ ਵਿਦਿਆਰਥੀ ਕਲਾਕਾਰਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਗਾਂਹ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਅੰਤਰ-ਖੇਤਰੀ ਯੁਵਕ ਮੁਕਾਬਲੇ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਥੀਏਟਰ ਆਈਟਮਾਂ ਦੇ ਇੰਚਾਰਜ ਡਾ. ਰਾਜੀਵ ਸ਼ਰਮਾ ਤੇ ਡਾ. ਦਵਿੰਦਰ ਸਿੰਘ ਦੱਸਿਆ ਕਿ ਮੋਦੀ ਕਾਲਜ ਦੇ ਨਾਟਕ ‘ਥੈਂਕ ਯੂ ਮਿਸਟਰ ਗਲਾਡ’, ਸਕਿੱਟ ‘ਡਾਕੀਆ ਡਾਕ ਲਾਇਆ’ ਅਤੇ ਮਾਈਮ ਨੇ ਪੂਰਾ ਮਾਹੌਲ ਸਿਰਜਿਆ ਓਥੇ ਦਰਸ਼ਕਾਂ ਤੇ ਜੱਜਾਂ ਦੀ ਪੂਰੀ ਵਾਹ -ਵਾਹ ਖੱਟੀ।ਇਸ ਮੌਕੇ ਸਹਾਇਕ ਡੀਨ ਪ੍ਰੋ. ਹਰਮੋਹਨ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਹਿਲੇ ਤੇ ਦੂਜੇ ਸਥਾਨ ਵਾਲੇ ਜੇਤੂ ਵਿਦਿਆਰਥੀ ਹੁਣ ਨਵੰਬਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿੱਚ ਹੋਣ ਵਾਲੇ ਅੰਤਰ-ਖੇਤਰੀ ਮੁਕਾਬਲੇ ਵਿੱਚ ਭਾਗ ਲੈਣਗੇ ।