ਅਨਾਜ ਮੰਡੀ ਧੂਰੀ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 60 ਫੀਸਦੀ ਝੋਨੇ ਦੀ ਲਿਫਟਿੰਗ : ਐਸ. ਡੀ. ਐਮ. ਧੂਰੀ

ਅਨਾਜ ਮੰਡੀ ਧੂਰੀ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 60 ਫੀਸਦੀ ਝੋਨੇ ਦੀ ਲਿਫਟਿੰਗ : ਐਸ. ਡੀ. ਐਮ. ਧੂਰੀ
ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਚੌਕਸੀ ਰੱਖਣ ਲਈ ਡਰੋਨ ਰਾਹੀਂ ਹੋਵੇਗੀ ਨਿਗਰਾਨੀ : ਵਿਕਾਸ ਹੀਰਾ
ਸਬ ਡਵੀਜ਼ਨ ਧੂਰੀ ਵਿੱਚ ਪਰਾਲੀ ਪ੍ਰਬੰਧਨ ਲਈ ਸਹਿਯੋਗ ਦੇਣ ਵਾਲੇ ਕਿਸਾਨਾਂ ਦਾ ਕੀਤਾ ਧੰਨਵਾਦ, ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਹੈ ਸੁਖਾਵਾਂ ਮਾਹੌਲ
ਐਸ. ਡੀ. ਐਮ ਵਿਕਾਸ ਹੀਰਾ ਵੱਲੋਂ ਅਨਾਜ ਮੰਡੀ ਧੂਰੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ, ਕਿਸਾਨਾਂ ਨੂੰ ਨਮੀ ਰਹਿਤ ਫਸਲ ਹੀ ਲਿਆਉਣ ਦੀ ਕੀਤੀ ਅਪੀਲ
ਧੂਰੀ/ ਸੰਗਰੂਰ, 27 ਅਕਤੂਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸ਼ਾਮ ਐਸਡੀਐਮ ਵਿਕਾਸ ਹੀਰਾ ਨੇ ਅਨਾਜ ਮੰਡੀ ਧੂਰੀ ਦਾ ਦੌਰਾ ਕਰਦਿਆਂ ਝੋਨੇ ਦੀ ਸਰਕਾਰੀ ਖਰੀਦ ਅਤੇ ਲਿਫਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ । ਉਹਨਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਬੀਤੀ ਸ਼ਾਮ ਤੱਕ ਖਰੀਦੇ ਗਏ ਝੋਨੇ ਵਿੱਚੋਂ ਲਗਭਗ 60 ਫੀਸਦੀ ਝੋਨੇ ਦੀ ਲਿਫਟਿੰਗ ਅਨਾਜ ਮੰਡੀ ਵਿੱਚੋਂ ਕੀਤੀ ਜਾ ਚੁੱਕੀ ਹੈ ਅਤੇ ਬਕਾਇਆ ਝੋਨੇ ਦੀ ਲਿਫਟਿੰਗ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ । ਐਸ. ਡੀ. ਐਮ. ਵਿਕਾਸ ਹੀਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅਨਾਜ ਮੰਡੀ ਧੂਰੀ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਉਹ ਨਿਯਮਿਤ ਤੌਰ ਤੇ ਅਧਿਕਾਰੀਆਂ ਤੋਂ ਇਸਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਐਸ. ਡੀ. ਐਮ. ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਨਾਜ ਮੰਡੀਆਂ ਵਿੱਚ ਕੇਵਲ ਨਮੀ ਰਹਿਤ ਝੋਨਾ ਹੀ ਲਿਆਉਣ ਤਾਂ ਜੋ ਉਹਨਾਂ ਦੁਆਰਾ ਲਿਆਂਦੀ ਜਾਣ ਵਾਲੀ ਜਿਣਸ ਦੀ ਨਾਲੋ ਨਾਲ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।
ਐਸ. ਡੀ. ਐਮ. ਵਿਕਾਸ ਹੀਰਾ ਨੇ ਦੱਸਿਆ ਕਿ ਸਬ ਡਵੀਜ਼ਨ ਧੂਰੀ ਵਿੱਚ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਦੀਆਂ ਘਟਨਾਵਾਂ ਉੱਤੇ ਨਿਗਰਾਨੀ ਰੱਖਣ ਲਈ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ ਅਤੇ ਇਥੋਂ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਵਾਤਾਵਰਣ ਦੇ ਰਾਖੇ ਵਜੋਂ ਪ੍ਰਸ਼ਾਸਨਿਕ ਯਤਨਾਂ ਦਾ ਸਹਿਯੋਗ ਦਿੰਦੇ ਹੋਏ ਪਰਾਲੀ ਪ੍ਰਬੰਧਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੇ 13 ਦਿਨਾਂ ਵਿੱਚ ਸਬ ਡਵੀਜ਼ਨ ਧੂਰੀ ਦੇ ਪਿੰਡਾਂ ਅੰਦਰ ਪਰਾਲੀ ਜਾਂ ਰਹਿੰਦ ਖੂਹੰਦ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਲਈ ਪ੍ਰਸ਼ਾਸਨ, ਕਿਸਾਨਾਂ ਦਾ ਧੰਨਵਾਦੀ ਹੈ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਉਪਲਬਧ ਕਰਾਉਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਹਨ ਜਿਸ ਲਈ ਬਕਾਇਦਾ ਪਿੰਡਾਂ ਵਿੱਚ ਕਲਸਟਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਕਿ ਕਿਸਾਨਾਂ ਦੀ ਲੋੜ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇ ਰਹੇ ਹਨ । ਐਸ. ਡੀ. ਐਮ. ਵਿਕਾਸ ਹੀਰਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੀਜਨ ਦੌਰਾਨ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਾਂ ਤਹਿਸੀਲ ਵਿਖੇ ਵੀ ਸੰਪਰਕ ਕਰ ਸਕਦਾ ਹੈ ।
