ਪੰਜਾਬ ਪੁਲਿਸ ਨੇ ਸੂਬੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਕੀਤੀ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Sunday, 27 October, 2024, 05:26 PM

ਪੰਜਾਬ ਪੁਲਿਸ ਨੇ ਸੂਬੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਕੀਤੀ ਬਰਾਮਦ
105 ਕਿਲੋ ਹੈਰੋਇਨ ਤੇ ਛੇ ਹਥਿਆਰਾਂ ਸਮੇਤ ਦੋ ਕਾਬੂ
-ਪੁਲਿਸ ਟੀਮਾਂ ਨੇ 31.93 ਕਿਲੋ ਕੈਫੀਨ ਐਨਹਾਈਡ੍ਰਸ ਅਤੇ 17 ਕਿਲੋ ਡੀਐਮਆਰ ਵੀ ਕੀਤੀ ਬਰਾਮਦ, ਹੈਰੋਇਨ ਦੀ ਮਾਤਰਾ ਨੂੰ ਚਾਰ ਗੁਣਾ ਵਧਾਉਣ ਲਈ ਕੀਤੀ ਜਾ ਰਹੀ ਸੀ ਇਸ ਦੀ ਵਰਤੋਂ: ਡੀਜੀਪੀ ਗੌਰਵ ਯਾਦਵ
-ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
-ਇਸ ਪਾਕਿ-ਅਧਾਰਤ ਸਰਹੱਦੀ ਤਸਕਰੀ ਰੈਕੇਟ ਦੇ ਪਿੱਛੇ ਤੁਰਕੀ ਅਧਾਰਤ ਸਮੱਗਲਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦਾ ਹੱਥ: ਡੀਜੀਪੀ ਪੰਜਾਬ
ਚੰਡੀਗੜ੍ਹ/ਅੰਮ੍ਰਿਤਸਰ, 27 ਅਕਤੂਬਰ : ਸੂਬੇ ਵਿੱਚ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਦੀ ਬਰਾਮਦਗੀ ਕਰਦਿਆਂ ਪੰਜਾਬ ਪੁਲਿਸ ਨੇ ਤੁਰਕੀ ਅਧਾਰਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਗੁਰਗਿਆਂ ਨੂੰ 105 ਕਿਲੋ ਹੈਰੋਇਨ ਅਤੇ ਛੇ ਹਥਿਆਰਾਂ ਜਿਸ ਵਿੱਚ ਪੰਜ ਵਿਦੇਸ਼ੀ ਪਿਸਤੌਲ ਅਤੇ ਇੱਕ ਦੇਸੀ ਪਿਸਤੌਲ ਸ਼ਾਮਲ ਹੈ, ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਜੋਤ ਸਿੰਘ ਵਾਸੀ ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਲਵਪ੍ਰੀਤ ਕੁਮਾਰ ਵਾਸੀ ਕਾਲਾ ਸੰਘੀਆਂ, ਕਪੂਰਥਲਾ ਵਜੋਂ ਹੋਈ ਹੈ ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 31.93 ਕਿਲੋ ਕੈਫੀਨ ਐਨਹਾਈਡ੍ਰਸ ਅਤੇ 17 ਕਿਲੋਗ੍ਰਾਮ ਡੈਕਸਟ੍ਰੋਮੇਥੋਰਫਾਨ (ਡੀਐਮਆਰ) ਸਮੇਤ ਵੱਡੀ ਮਾਤਰਾ ਵਿੱਚ ਸ਼ਡਿਊਲਡ ਡਰੱਗਜ਼ ਵੀ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਹੈਰੋਇਨ ਦੀ ਮਾਤਰਾ ਨੂੰ ਚਾਰ ਗੁਣਾ ਵਧਾਉਣ ਲਈ ਇਹਨਾਂ ਸ਼ਡਿਊਲਡ ਡਰੱਗਜ਼ ਦੀ ਵਰਤੋਂ ਕਰ ਰਹੇ ਸਨ । ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀ ਟੀਮ ਨੂੰ ਸੂਹ ਪ੍ਰਾਪਤ ਹੋਈ ਸੀ ਕਿ ਵਿਦੇਸ਼ੀ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਆਪਣੇ ਸਾਥੀਆਂ ਰਾਹੀਂ ਪਾਕਿਸਤਾਨ ਅਧਾਰਤ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਚਲਾ ਰਿਹਾ ਹੈ। ਇਹ ਵੀ ਪਤਾ ਲੱਗਾ ਸੀ ਕਿ ਉਸ ਦੇ ਸਾਥੀ ਕਲੋਨੀ ਲੇਡੀ ਰੋਡ, ਬਾਬਾ ਬਕਾਲਾ ਵਿਖੇ ਕਿਰਾਏ ਦੀ ਰਿਹਾਇਸ਼ ‘ਤੇ ਰਹਿ ਰਹੇ ਹਨ।
ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਬਾਬਾ ਬਕਾਲਾ ਦੇ ਇਲਾਕੇ ‘ਚ ਡੀ. ਐਸ. ਪੀ. ਸੀ. ਆਈ. ਅੰਮ੍ਰਿਤਸਰ ਬਲਬੀਰ ਸਿੰਘ ਦੀ ਨਿਗਰਾਨੀ ‘ਚ ਇਕ ਵਿਸ਼ੇਸ਼ ਨਾਕਾ ਲਗਾ ਕੇ ਦੋਸ਼ੀ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਫਾਕਸਵੈਗਨ ਵਰਟਸ ਕਾਰ (ਪੀਬੀ02-ਡੀਵਾਈ-3031), ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ‘ਚੋਂ 7 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਇਸ ਨੂੰ ਵੀ ਜ਼ਬਤ ਕਰ ਲਿਆ । ਡੀ. ਜੀ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਿਰਾਏ ਦੀ ਰਿਹਾਇਸ਼ ਤੋਂ ਬਾਕੀ 98 ਕਿਲੋ ਹੈਰੋਇਨ ਸਮੇਤ ਹਥਿਆਰ, ਕੈਫੀਨ ਐਨਹਾਈਡ੍ਰਸ ਅਤੇ ਡੀਐਮਆਰ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਤਸਕਰੀ ਲਈ ਵਰਤੇ ਗਏ ਰੂਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਤਫਤੀਸ਼ ਜਾਰੀ ਹੈ ਅਤੇ ਪੁਲਿਸ ਟੀਮਾਂ ਵੱਲੋਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਰ ਅਪਰਾਧੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਐਫ.ਆਈ.ਆਰ. ਨੰਬਰ 62 ਮਿਤੀ 26.10.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.), ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।