ਬਜ਼ੁਰਗ ਐਨ. ਆਰ. ਆਈ. ਦੀ ਕੋਠੀ ਤੇ ਕਬਜੇ ਦੇ ਦੋਸ਼ ਹੇਠ ਗੁਰਪ੍ਰੀਤ ਕੌਰ ਗੁਰੀ ਸਮੇਤ 7 ਖਿਲਾਫ਼ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Sunday, 27 October, 2024, 05:03 PM

ਬਜ਼ੁਰਗ ਐਨ. ਆਰ. ਆਈ. ਦੀ ਕੋਠੀ ਤੇ ਕਬਜੇ ਦੇ ਦੋਸ਼ ਹੇਠ ਗੁਰਪ੍ਰੀਤ ਕੌਰ ਗੁਰੀ ਸਮੇਤ 7 ਖਿਲਾਫ਼ ਕੇਸ ਦਰਜ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਇਕ ਬਜ਼ੁਰਗ ਐਨ. ਆਰ. ਆਈ. ਦੀ ਕੋਠੀ ਤੇ ਕਬਜੇ ਦੇ ਦੋਸ਼ ਹੇਠ ਪੁਲਸ ਵਲੋਂ ਗੁਰਪ੍ਰੀਤ ਕੌਰ ਗੁਰੀ ਸਮੇਤ 7 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਐਨ. ਆਰ. ਆਈ. ਬਜ਼ੁਰਗ ਦੀ ਕੋਠੀ `ਤੇ ਕਬਜ਼ਾ ਕਰਨ ਦੇ ਦੋਸ਼ ਸਹੀ ਪਾਏ ਗਏ, ਜਿਸ ਪਿੱਛੋਂ ਗੁਰਪ੍ਰੀਤ ਕੌਰ ਗੁਰੀ ਵਾਸੀ ਸਹੌਲੀ, ਅਰਵਿੰਦ ਕੁਮਾਰ ਰਾਏ ਵਾਸੀ ਬਿਹਾਰ, ਜੈ ਕ੍ਰਿਸ਼ਨ ਸਾਹਨੀ ਵਾਸੀ ਬਿਹਾਰ, ਚੰਦਨ ਸਾਹਨੀ ਵਾਸੀ ਬਿਹਾਰ, ਹਰਜੀਤ ਸਿੰਘ, ਬਲਵੀਰ ਸਿੰਘ ਵਾਸੀ ਚੌਕੀਮਾਨ ਜਗਰਾਉਂ ਅਤੇ ਸੁਖਦੇਵ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲੇ `ਚ ਅਜੇ ਇੱਕ ਆਰੋਪੀ ਹਰਜੀਤ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਨੁਸਾਰ ਗੁਰਪ੍ਰੀਤ ਕੌਰ ਤੇ ਉਸ ਦੇ 6 ਸਾਥੀਆਂ ਖਿਲਾਫ਼ ਬਜ਼ੁਰਗ ਐਨ. ਆਰ. ਆਈ. ਨਛੱਤਰ ਸਿੰਘ ਦੇ ਘਰ `ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਹੇਠ ਪਰਚਾ ਦਰਜ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਐਨ. ਆਰ. ਆਈ. ਨਛੱਤਰ ਸਿੰਘ ਨੇ ਗੁਰਪ੍ਰੀਤ ਕੌਰ ਨੂੰ ਸੁਧਾਰ ਦੇ ਘੁਮਾਣ ਚੌਕ ਸਥਿਤ ਕਰੋੜਾਂ ਰੁਪਏ ਦੇ ਮਕਾਨ ਦੇ ਪ੍ਰਬੰਧ ਦੀ ਜਿੰਮੇਵਾਰੀ ਸੌਂਪੀ ਸੀ ਪਰ ਮੁਲਜ਼ਮਾਂ ਨੇ ਮਕਾਨ `ਤੇ ਕਬਜ਼ੇ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਦੀ ਕੋਸ਼ਿਸ਼ ਕੀਤੀ।ਦੱਸਣਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਐਨ. ਆਰ. ਆਈ. ਬਜ਼ੁਰਗ `ਤੇ 20 ਅਗਸਤ ਨੂੰ ਛੇੜਛਾੜ ਦੋਸ਼ ਕੇਸ ਦਰਜ ਕਰਵਾ ਦਿੱਤਾ ਸੀ, ਜਿਸ ਪਿੱਛੋਂ ਬਜ਼ੁਰਗ ਨੂੰ ਅਦਾਲਤ ਦਾ ਦਰਵਾਜ਼ਾ ਖਟਕਾਉਣ ਪਿੱਛੋਂ ਜ਼ਮਾਨਤ ਮਿਲੀ। ਉਪਰੰਤ ਕੈਨੇਡਾ ਰਹਿੰਦੇ ਬਜ਼ੁਰਗ ਦੇ ਮੁੰਡੇ ਸੰਦੀਪ ਸਿੰਘ ਨੇ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਨਵਨੀਤ ਸਿੰਘ ਬੈਂਸ ਨੂੰ ਈਮੇਲ ਰਾਹੀਂ ਕਬਜ਼ਾ ਕਰਨ ਵਾਲਿਆਂ ਖਿ਼ਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ।