ਰਿਪਦੁਮਨ ਕਾਲਜ ਸਟੇਡੀਅਮ ਵਿਖੇ ਛੇਵਾਂ ਨਾਭਾ ਕਬੱਡੀ ਕੱਪ 16 ਤੇ 17 ਨਵੰਬਰ ਨੂੰ- ਚੇਅਰਮੈਨ ਜੱਸੀ ਸੋਹੀਆਂ ਵਾਲਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 27 October, 2024, 04:20 PM

ਰਿਪਦੁਮਨ ਕਾਲਜ ਸਟੇਡੀਅਮ ਵਿਖੇ ਛੇਵਾਂ ਨਾਭਾ ਕਬੱਡੀ ਕੱਪ 16 ਤੇ 17 ਨਵੰਬਰ ਨੂੰ : ਚੇਅਰਮੈਨ ਜੱਸੀ ਸੋਹੀਆਂ ਵਾਲਾ
ਅਖੀਰਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
ਨਾਭਾ : ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ. ਆਰ. ਆਈ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਦੋ ਦਿਨਾਂ ਛੇਵਾਂ ਨਾਭਾ ਕਬੱਡੀ ਕੱਪ ਮਿਤੀ 16 ਅਤੇ 17 ਨਵੰਬਰ, 2024 ਦਿਨ ਸਨੀਵਾਰ ਤੇ ਐਤਵਾਰ ਨੂੰ ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਖੀਰਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਉਨਾਂ ਨਾਲ ਮਾਲ ਅਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ, ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਹਲਕਾ ਵਿਧਾਇਕ ਦੇਵ ਮਾਨ, ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਪਰਮਿੰਦਰ ਕੌਰ ਬੰਗਾਂ ਆਦਿ ਸਮੂਲੀਅਤ ਕਰਨਗੇ । ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਕਰਨਗੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 45, 55 ਅਤੇ 65 ਕਿਲੋ ਵਜ਼ਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ ਅਤੇ ਦੂਜੇ ਅਖੀਰਲੇ ਦਿਨ ਕਬੱਡੀ ਆਲ ਓਪਨ ਦੀਆਂ ਸੱਦੇ ਵਾਲੀਆ 8 ਕਲੱਬਾਂ ਦੀਆਂ ਟੀਮਾਂ ਦੇ ਫਸਵੇਂ ਮੈਚ ਕਰਵਾਏ ਜਾਣਗੇ ਜਿਸ ਵਿੱਚ ਜੇਤੂ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਬੈਸਟ ਰੇਡਰ ਤੇ ਜਾਫੀ ਦਾ 21000-21000 ਹਜਾਰ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ 75 ਕਿਲੋ ਵਜਨ ਦੀਆਂ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ। ਇਨਾਮਾਂ ਦੀ ਵੰਡ ਉਪਰੰਤ ਪ੍ਰਸਿੱਧ ਗਾਇਕ ਗੀਤਾ ਜੈਲਦਾਰ, ਬੀਤ ਬਲਜੀਤ, ਅੰਗਰੇਜ ਅਲੀ, ਦੀਪ ਢਿੱਲੋ ਤੇ ਜੈਸਮੀਨ ਜੱਸੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਹਾਸਿਆਂ ਦੀ ਪਟਾਰੀ ਦੇ ਕਮੇਡੀ ਕਲਾਕਾਰ ਕੁਲਵੰਤ ਸੇਖੋਂ ਸਰੋਤਿਆ ਦੇ ਢਿੱਡੀ ਪੀੜਾਂ ਪਾਉਣਗੇ ।