ਪੁਲਾੜ ਖੇਤਰ ਦੇ ਸਟਾਰਟਅੱਪਸ ਲਈ ਹਜ਼ਾਰ ਕਰੋੜ ਰੁਪਏ ਦੇ ਪੂੰਜੀ ਫੰਡ ਨੂੰ ਮਨਜ਼ੂਰੀ

ਪੁਲਾੜ ਖੇਤਰ ਦੇ ਸਟਾਰਟਅੱਪਸ ਲਈ ਹਜ਼ਾਰ ਕਰੋੜ ਰੁਪਏ ਦੇ ਪੂੰਜੀ ਫੰਡ ਨੂੰ ਮਨਜ਼ੂਰੀ
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਪੁਲਾੜ ਖੇਤਰ ਦੇ ਸਟਾਰਟਅੱਪਸ ਦੀ ਸਹਾਇਤਾ ਲਈ ਇਕ ਹਜ਼ਾਰ ਕਰੋੜ ਰੁਪਏ ਦੇ ਪੂੰਜੀ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਫੰਡ ਨਾਲ ਖੇਤਰ ਦੀਆਂ ਕਰੀਬ 40 ਸਟਾਰਟਅੱਪ ਯੂਨਿਟਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਨਿੱਜੀ ਪੁਲਾੜ ਸਨਅਤ ਦੇ ਵਾਧੇ ’ਚ ਤੇਜ਼ੀ ਆਵੇਗੀ । ਉਨ੍ਹਾਂ ਕਿਹਾ ਕਿ ਇਹ ਫੰਡ ਪੰਜ ਸਾਲ ਤੱਕ ਲਈ ਹੈ। ਨਿਵੇਸ਼ ਦੇ ਮੌਕਿਆਂ ਅਤੇ ਫੰਡ ਦੀ ਲੋੜ ਨੂੰ ਦੇਖਦਿਆਂ ਔਸਤਨ 150 ਤੋਂ 200 ਕਰੋੜ ਰੁਪਏ ਸਾਲਾਨਾ ਰਕਮ ਦਿੱਤੀ ਜਾ ਸਕੇਗੀ। ਕੇਂਦਰ ਨੇ ਸਾਲ 2020 ਦੇ ਪੁਲਾੜ ਖੇਤਰ ਸੁਧਾਰਾਂ ਤਹਿਤ ਇਨ-ਸਪੇਸ ਸਥਾਪਤ ਕੀਤਾ ਹੈ। ਸਰਕਾਰ ਨੇ ਕਿਹਾ ਕਿ ਇਸ ਨਾਲ ਪੁਲਾੜ ਤਕਨਾਲੋਜੀ ’ਚ ਤਰੱਕੀ ਨੂੰ ਹੁਲਾਰਾ ਮਿਲੇਗਾ ਅਤੇ ਨਿੱਜੀ ਖੇਤਰੀ ਦੀ ਹਿੱਸੇਦਾਰੀ ਰਾਹੀਂ ਭਾਰਤ ਦੀ ਅਗਵਾਈ ਨੂੰ ਮਜ਼ਬੂਤੀ ਮਿਲੇਗੀ ।
