ਐਸ. ਡੀ. ਐਮ. ਮੂਣਕ ਸੂਬਾ ਸਿੰਘ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਬਣਨ ਦਾ ਸੱਦਾ

ਐਸ. ਡੀ. ਐਮ. ਮੂਣਕ ਸੂਬਾ ਸਿੰਘ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਬਣਨ ਦਾ ਸੱਦਾ
ਪਿੰਡ ਹਾਂਡਾ, ਕੁਦਨੀ, ਫੂਲੜ, ਭੂਲਣ, ਚੱਠਾ ਗੋਬਿੰਦਪੁਰਾ ਆਦਿ ਪਿੰਡਾਂ ਵਿੱਚ ਅਧਿਕਾਰੀਆਂ ਸਮੇਤ ਕੀਤਾ ਦੌਰਾ
ਮੂਣਕ 24 ਅਕਤੂਬਰ : ਉਪ-ਮੰਡਲ ਮੈਜਿਸਟਰੇਟ ਸੂਬਾ ਸਿੰਘ ਨੇ ਡੀ. ਐਸ. ਪੀ. ਪਰਮਿੰਦਰ ਸਿੰਘ ਸਮੇਤ ਅੱਜ ਸਬ ਡਵੀਜ਼ਨ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਕਿਸਾਨ ਵੀਰਾਂ ਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਪਰਾਲੀ ਨਾ ਸਾੜਨ ਦਾ ਪ੍ਰਣ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂਹੰਦ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਰੋਗ ਫੈਲਦੇ ਹਨ । ਐਸ. ਡੀ. ਐਮ. ਸੂਬਾ ਸਿੰਘ ਨੇ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਬਣਨ ਦਾ ਸੱਦਾ ਦਿੱਤਾ । ਉਹਨਾਂ ਕਿਹਾ ਕਿ ਇਹ ਮੁਹਿੰਮ ਸਭ ਦੀ ਸਾਂਝੀ ਹੈ ਅਤੇ ਹਰ ਨਾਗਰਿਕ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਆਪੋ ਆਪਣੇ ਪੱਧਰ ਤੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੁਰੱਖਿਅਤ ਰਹਿ ਸਕਣ । ਅੱਜ ਪਿੰਡਾਂ ਦੇ ਦੌਰੇ ਦੌਰਾਨ ਉਹਨਾਂ ਨਾਲ ਮੌਜੂਦ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ । ਵਿਭਾਗੀ ਮਾਹਿਰਾਂ ਨੇ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਖੇਤੀ ਮਸ਼ੀਨਾਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ ।
