ਕਿਸਾਨਾਂ ਨੇ ਕੀਤਾ ਨਾਭਾ ਮਲੇਰਕੋਟਲਾ ਰੋਡ ਜਾਮ

ਦੁਆਰਾ: Punjab Bani ਪ੍ਰਕਾਸ਼ਿਤ :Friday, 25 October, 2024, 04:41 PM

ਕਿਸਾਨਾਂ ਨੇ ਕੀਤਾ ਨਾਭਾ ਮਲੇਰਕੋਟਲਾ ਰੋਡ ਜਾਮ
ਝੋਨੇ ਦੇ ਰੇੜਕੇ ਨੂੰ ਲੈ ਕੇ ਕਿਸਾਨ ਨਾਭਾ ਮੰਡੀ ਦੇ ਬਾਹਰ ਚਾਰ ਘੰਟੇ ਹਾਈਵੇ ਤੇ ਬੈਠੇ ਰਹੇ
ਨਾਭਾ : ਖਰੀਦ ਅਤੇ ਲਿਫਟਿੰਗ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਐਸ ਕੇ ਐਮ ਦੇ ਦਿੱਤੇ ਸੱਦੇ ਅਨੁਸਾਰ ਨਾਭੇ ਦੀ ਅਨਾਜ ਮੰਡੀ ਦੇ ਬਾਹਰ ਨਾਭਾ ਮਲੇਰਕੋਟਲਾ ਹਾਈਵੇ ਤੇ 11:00 ਵਜੇ ਤੋਂ 3:00 ਵਜੇ ਤੱਕ ਚਾਰ ਘੰਟੇ ਧਰਨਾ ਲਗਾ ਕੇ ਟਰੈਫਿਕ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਕਿਉਂਕਿ ਫਸਲਾਂ ਦੀ ਨਿਰਵਿਘਨ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਫੇਲ ਸਾਬਤ ਹੋਈ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਕਿਸਾਨਾਂ ਨਾਲ ਪੁਰਾਣਾ ਵੈਰ ਕੱਢਦਿਆਂ ਚੌਲਾਂ ਦੀ ਸਮੇਂ ਸਿਰ ਲਿਫਟਿੰਗ ਨਾ ਕਰਕੇ ਕਿਸਾਨਾਂ ਦੇ ਨਾਲ- ਨਾਲ ਆੜਤੀਆਂ, ਰਾਈਸ ਮਿਲਰਜ਼ ਅਤੇ ਮਜ਼ਦੂਰਾਂ ਨੂੰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ।ਕੇਂਦਰ ਸਰਕਾਰ ਪਹਿਲਾਂ ਵੀ ਕਾਲੇ ਕਾਨੂੰਨਾਂ ਰਾਹੀਂ ਮੰਡੀਕਰਨ ਸਿਸਟਮ ਨੂੰ ਤੋੜਨ ਦਾ ਨਾ- ਕਾਮਯਾਬ ਯਤਨ ਕਰ ਚੁੱਕੀ ਹੈ ਅਤੇ ਹੁਣ ਫਿਰ ਦੁਬਾਰਾ ਟੇਡੇ ਢੰਗ ਨਾਲ ਹਮਲਾ ਕੀਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਬੇਸ਼ੱਕ ਉਸਦੇ ਲਈ ਜਿੰਨੀ ਮਰਜ਼ੀ ਲੰਬੀ ਲੜਾਈ ਲੜਨੀ ਪਵੇ ਅਸੀਂ ਲੜਾਂਗੇ। ਅੱਜ ਦੇ ਧਰਨੇ ਵਿੱਚ ਬੀਕੇਯੂ ਰਾਜੇਵਾਲ, ਬੀਕੇਯੂ ਡਕੌਂਦਾ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਲੱਖੋਵਾਲ, ਬੀਕੇਯੂ ਕਾਦੀਆਂ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ, ਕੁਲ ਹਿੰਦ ਕਿਸਾਨ ਸਭਾ, ਆੜਤੀਆ ਐਸੋਸੀਏਸ਼ਨ, ਰਾਈਸ ਮਿਲਰਜ਼ ਐਸੋਸੀਏਸ਼ਨ ਅਤੇ ਮੰਡੀ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ ।