ਐਚ. ਆਈ. ਵੀ. ਏਡਜ਼, ਟੀ. ਬੀ. ਅਤੇ ਨਸ਼ਿਆਂ ਤੋਂ ਬਚਾਅ ਲਈ ਜਾਗਰੁਕਤਾ ਹਿਤ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਹੋਈ
ਐਚ.ਆਈ.ਵੀ. ਏਡਜ਼, ਟੀ.ਬੀ. ਅਤੇ ਨਸ਼ਿਆਂ ਤੋਂ ਬਚਾਅ ਲਈ ਜਾਗਰੁਕਤਾ ਹਿਤ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਹੋਈ
ਸੰਗਰੂਰ, 5 ਅਕਤੂਬਰ : ਜ਼ਿਲ੍ਹੇ ਦੀਆਂ ਵੱਖ-ਵੱਖ ਉੱਚ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਐਚ.ਆਈ. ਵੀ.ਏਡਜ, ਟੀ.ਬੀ. ਅਤੇ ਨਸ਼ਿਆਂ ਤੋਂ ਬਚਾਉਣ ਲਈ, ਖੂਨ ਦਾਨ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਕਾਰਜਸ਼ੀਲ ਰੈਡ ਰਿਬਨ ਕਲੱਬਾਂ ਦੇ ਨੋਡਲ ਅਧਿਕਾਰੀਆਂ ਅਤੇ ਪੀਅਰ ਐਜੂਕੇਟਰਾਂ ਦੀ ਮੀਟਿੰਗ ਹੋਈ । ਅਕਾਲ ਡਿਗਰੀ ਕਾਲਜ ਫਾਰ ਵੂਮੈਨ ਵਿੱਚ ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਨੇ ਰੈਡ ਰਿਬਨ ਕਲੱਬਾਂ ਦੀ ਬਣਤਰ, ਮਨੋਰਥ ਅਤੇ ਸਮਾਜਕ ਭੂਮਿਕਾ ਬਾਰੇ ਦੱਸਿਆ । ਉਨ੍ਹਾਂ ਦੱਸਿਆ ਕਿ ਰੈਡ ਰਿਬਨ ਦਾ ਭਾਵ ਹੈ ਕਿ ਇਹ ਖਤਰੇ ਦਾ ਨਿਸ਼ਾਨ ਵੀ ਹੈ, ਪਿਆਰ ਦਾ ਨਿਸ਼ਾਨ ਵੀ ਹੈ ਅਤੇ ਨੌਜਵਾਨਾਂ ਅੰਦਰ ਲੁਕੀ ਹੋਈ ਤਾਕਤ ਅਤੇ ਜੋਸ਼ ਦਾ ਨਿਸ਼ਾਨ ਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਐਚ. ਆਈ. ਵੀ./ ਏਡਜ਼ ਅਤੇ ਨਸ਼ਿਆਂ ਦੇ ਡਰ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਸੁਰੱਖਿਅਤ ਹੋ ਸਕੇ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਸਮੂਹ ਰੈਡ ਰਿਬਨ ਕਲੱਬਾਂ ਨੂੰ ਸਮੁੱਚੀਆਂ ਗਤੀਵਿਧੀਆਂ ਹਿੱਤ ਸਹਾਇਤਾ ਰਾਸ਼ੀ ਦੇ ਚੈੱਕ, ਜਾਗਰੁਕਤਾ ਬੈਨਰ ਪ੍ਰਦਾਨ ਕਰਦੇ ਹੋਏ ਵਿਦਿਆਰਥੀਆਂ ਨੂੰ ਐਚ. ਆਈ. ਵੀ. ਟੈਸਟਿੰਗ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਮੀਨ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰੈਡ ਰਿਬਨ ਕਲੱਬਾਂ ਦੇ ਉਦਮ ਨੂੰ ਸਰਾਹਿਆ। ਨਹਿਰੂ ਯੁਵਾ ਕੇਂਦਰ ਦੇ ਜਿਲਾ ਯੁਵਾ ਅਫਸਰ ਰਾਹੁਲ ਸੈਣੀ ਨੇ ਦੱਸਿਆ ਕਿ ਰੈਡ ਰਿਬਨ ਕਲੱਬ ਨੌਜਵਾਨਾਂ ਦੀ ਸ਼ਖਸ਼ੀਅਤ ਉਸਾਰੀ ਵੀ ਕਰਦੇ ਹਨ ਅਤੇ ਨੌਜਵਾਨਾਂ ਨੂੰ ਸਮਾਜ ਦੀ ਸੇਵਾ ਕਰਨ ਹਿੱਤ ਪ੍ਰੇਰਿਤ ਕਰਦੇ ਹਨ । ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੇ ਰੈਡ ਰਿਬਨ ਕਲੱਬਾਂ ਦੇ ਨੁਮਾਇੰਦਿਆ ਨੂੰ ਸਨਮਾਨਿਤ ਵੀ ਕੀਤਾ ਗਿਆ।