ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਾਸੀਆਂ ਨੂੰ ਵਾਤਾਵਰਣ ਸਵੱਛ ਬਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਦਿੱਤਾ ਸੱਦਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 11:42 AM

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਾਸੀਆਂ ਨੂੰ ਵਾਤਾਵਰਣ ਸਵੱਛ ਬਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਦਿੱਤਾ ਸੱਦਾ
ਪੈਪਸੀਕੋ ਦੇ ਸਹਿਯੋਗ ਨਾਲ ਪਲੋਗ ਰਨ ਦਾ ਸ਼ਾਨਦਾਰ ਆਯੋਜਨ
ਜੋਗਿੰਗ ਕਰਦੇ ਹੋਏ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਲਈ ਕੀਤਾ ਗਿਆ ਉਪਰਾਲਾ
ਪੈਪਸੀਕੋ ਦੇ ਨੁਮਾਇੰਦੇ ਸ਼ੌਰਿਆ ਸ਼ਾਸਵਤ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਸੰਗਰੂਰ, 5 ਅਕਤੂਬਰ : ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸਵੇਰੇ ਸੰਗਰੂਰ ਸ਼ਹਿਰ ਵਿੱਚ ਆਪਣੀ ਕਿਸਮ ਦੇ ਨਵੇਕਲੇ ਉਪਰਾਲੇ ਪਲੋਗ ਰਨ ਦੀ ਸ਼ੁਰੂਆਤ ਕਰਦਿਆਂ ਸੰਗਰੂਰ ਸ਼ਹਿਰ ਦੇ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਬਣਾਉਣ ਅਤੇ ਸਿਹਤ ਮੰਦ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ।
ਉਹਨਾਂ ਨੇ ਕੌਮਾਂਤਰੀ ਪੱਧਰ ਦੀ ਕੰਪਨੀ ਪੈਪਸੀਕੋ ਦੇ ਪ੍ਰਬੰਧਕਾਂ ਦੁਆਰਾ ਗਾਂਧੀ ਜਯੰਤੀ ਅਤੇ ਸਵੱਛ ਭਾਰਤ ਮੁਹਿੰਮ ਨੂੰ ਸਮਰਪਿਤ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਪਣੇ ਚੋਗਿਰਦੇ ਦੀ ਸਾਫ਼ ਸਫਾਈ ਨੂੰ ਰੋਜ਼ਾਨਾ ਦੇ ਜੀਵਨ ਦਾ ਅਹਿਮ ਹਿੱਸਾ ਮੰਨਦੇ ਹੋਏ ਵਾਤਾਵਰਣ ਨੂੰ ਸਵੱਛ ਬਣਾਉਣ ਦੀ ਅਪੀਲ ਕੀਤੀ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ, ਜਨਤਕ ਸਥਾਨਾਂ, ਪਾਰਕਾਂ ਅਤੇ ਹੋਰ ਸਾਰੀਆਂ ਹੀ ਥਾਵਾਂ ਤੇ ਖਿਲਰਿਆ ਹੋਇਆ ਕੂੜਾ ਕਰਕਟ ਸ਼ਹਿਰ ਦੀ ਦਿੱਖ ਨੂੰ ਵਿਗਾੜਦਾ ਹੈ ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਨਿਰੰਤਰ ਅਜਿਹੇ ਉਦਮ ਕੀਤੇ ਜਾਂਦੇ ਹਨ ਜਿਸ ਨਾਲ ਲੋਕ ਕੂੜਾ ਕਰਕਟ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਉਣ ਅਤੇ ਘਰ ਤੋਂ ਹੀ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਹੋਵੇ ਪਰ ਨਾਲ ਹੀ ਜਿਹੜੇ ਸ਼ਹਿਰ ਵਾਸੀ ਜਾਂ ਰਾਹਗੀਰ ਰੋਜ਼ਾਨਾ ਦੇ ਜੀਵਨ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੇ ਪੈਕਟ, ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਕਚਰਾ, ਕੂੜਾਦਾਨਾਂ ਵਿੱਚ ਪਾਉਣ ਦੀ ਥਾਂ ‘ਤੇ ਇਧਰ ਉਧਰ ਸੁੱਟ ਦਿੰਦੇ ਹਨ, ਉਹਨਾਂ ਨੂੰ ਆਪਣੀਆਂ ਅਜਿਹੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਕਿਉਂ ਕਿ ਸਵੱਛ ਵਾਤਾਵਰਣ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਲਾਹੇਵੰਦ ਸਾਬਤ ਹੁੰਦਾ ਹੈ । ਇਸ ਦੌਰਾਨ ਪੈਪਸੀਕੋ ਦੇ ਮੈਨੇਜਰ ਪਬਲਿਕ ਪਾਲਸੀ ਐਂਡ ਗੌਰਮਿੰਟ ਅਫੇਅਰਜ਼ ਸ਼ੌਰਿਆ ਸ਼ਾਸਵਤ ਨੇ ਦੱਸਿਆ ਕਿ ਇਹ ਉਪਰਾਲਾ ਵਿਆਪਕ ਲੋਕ ਹਿਤ ਨੂੰ ਮੱਦੇ ਨਜ਼ਰ ਰੱਖਦਿਆਂ ਕੀਤਾ ਗਿਆ ਹੈ ਤਾਂ ਜੋ ਸਾਡੇ ਨਾਗਰਿਕ ਆਪਣੀ ਸਿਹਤ ਅਤੇ ਵਾਤਾਵਰਨ ਪ੍ਰਤੀ ਸੁਚੇਤ ਹੋ ਸਕਣ। ਉਹਨਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸਥਾਨਾਂ ਉੱਤੇ ਅਜਿਹੇ ‘ਪਲੋਗ ਰਨ’ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਸ਼ੌਰਿਆ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਤਹਿਤ ਸ਼ਹਿਰ ਵਿੱਚੋਂ ਪੈਪਸੀਕੋ ਦੇ ਵਲੰਟੀਅਰਾਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਸਾਫ ਸਫਾਈ ਅਭਿਆਨ ਚਲਾਇਆ ਅਤੇ ਪਲਾਸਟਿਕ ਦੇ ਕੂੜਾ ਕਰਕਟ ਤੋਂ ਇਲਾਵਾ ਕੱਚ ਅਤੇ ਕਾਗਜ਼ ਦੀ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਚੁੱਕਦੇ ਹੋਏ ਬੈਗ ਅਤੇ ਵਾਹਨਾਂ ਰਾਹੀਂ ਇਕੱਤਰ ਕੀਤਾ ਗਿਆ। ਉਹਨਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ।