ਰਾਜਪੁਰਾ ਈਗਲ ਚੌਂਕ ਵਿਚਕਾਰ ਕਾਂਗਰਸੀਆਂ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਸੜਕੀ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ਰਾਜਪੁਰਾ ਈਗਲ ਚੌਂਕ ਵਿਚਕਾਰ ਕਾਂਗਰਸੀਆਂ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਸੜਕੀ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
:ਮਾਮਲਾ ਪੰਚਾਇਤੀ ਚੋਣਾਂ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਸਰਪੰਚਾਂ ਅਤੇ ਪੰਚਾਂ ਦੀਆਂ ਨਾਮਜਦਗੀਆਂ ਰੱਦ ਕਰਨ ਦਾ
:ਐਸ ਡੀ ਐਮ ਰਾਜਪੁਰਾ ਨੇ ਧਰਨੇ ਵਿੱਚ ਪਹੁੰਚ ਕੇ ਮਾਮਲੇ ਦਾ ਹੱਲ ਕੱਢਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਕਾਰੀਆਂ ਨੇ ਕੀਤਾ ਧਰਨਾ ਸਮਾਪਤ
ਰਾਜਪੁਰਾ : ਇੱਥੋਂ ਦੇ ਈਗਲ ਚੌਂਕ ਵਿਚਕਾਰ ਅੱਜ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਾਮਜਦਗੀਆਂ ਰੱਦ ਕਰਨ ਸਮੇਤ ਕੀਤੀਆਂ ਗਈਆਂ ਧੱਕੇਸ਼ਾਹੀ ਦੇ ਖਿਲਾਫ ਕਰੀਬ ਸਾਢੇ 4 ਘੰਟੇ ਸੜਕੀ ਆਵਾਜਾਈ ਠੱਪ ਕਰਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸਦੇ ਚਲਦਿਆਂ ਸੜਕ ਉਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਦੂਰ ਦੂਰਾਂਢੇ ਜਾਣ ਵਾਲੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਪੁਰਾ ਈਗਲ ਚੌਂਕ ਵਿੱਚ ਰੋਸ ਧਰਨਾ ਦੇ ਰਹੇ ਹਲਕਾ ਰਾਜਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਹਲਕਾ ਘਨੋਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਰੂਪੀ, ਪ੍ਰਦੀਪ ਨੰਦਾ, ਕਾਂਗਰਸੀ ਆਗੂ ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਂਟਸਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਸਮੇਤ ਹੋਰਨਾ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਅਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਹਲਕਾ ਘਨੋਰ ਵਿਧਾਇਕ ਗੁਰਲਾਲ ਸਿੰਘ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸਰਪੰਚ ਅਤੇ ਪੰਚ ਦੀ ਚੋਣ ਲੜਨ ਸਬੰਧੀ 4 ਅਕਤੂਬਰ ਨੂੰ ਨਾਮਜਦਗੀਆਂ ਭਰਨ ਸਮੇਂ ਸਰੇਆਮ ਧੱਕੇਸ਼ਾਹੀ ਕੀਤੀ ਗਈ। ਪਰ ਹੁਣ ਉਨ੍ਹਾਂ ਦੇ ਹਮਾਇਤੀਆਂ ਦੇ ਉਤੇ ਬੇਤੁੱਕੇ ਇਤਰਾਜ਼ ਲਗਾ ਕੇ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਲਈ ਹਲਕਾ ਰਾਜਪੁਰਾ ਅਤੇ ਘਨੋਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਿੱਧੇ ਤੌਰ ਉਤੇ ਜਿੰਮੇਵਾਰ ਹਨ। ਇਨ੍ਹਾਂ ਨਾਮਜਦਗੀਆਂ ਰੱਦ ਕਰਨ ਪਿੱਛੇ ਵੱਡੇ ਤੌਰ ਉਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਸਾਬਕਾ ਵਿਧਾਇਕ ਕੰਬੋਜ਼ ਨੇ ਦੋਸ਼ ਲਗਾਇਆ ਕਿ ਪਿੰਡ ਸ਼ਾਮਦੂ ਵਿਖੇ ਮਹਿਲਾ ਸਰਪੰਚ ਦੀ ਚੋਣ ਲੜ ਰਹੀ ਜ਼ਸਵਿੰਦਰ ਸਿੰਘ ਜੈਲਦਾਰ ਦੀ ਪਤਨੀ ਖੁਦ ਸ਼ਾਮਲਾਤ ਜਮੀਨ ਵਿੱਚ ਘਰ ਪਾ ਕੇ ਬੈਠੀ ਹੈ ਪਰ ਉਸਦੇ ਉਤੇ ਲਗਾਇਆ ਗਿਆ ਇਤਰਾਜ਼ ਮਨਜੂਰ ਨਹੀ ਕੀਤਾ ਗਿਆ। ਇਸਤੋਂ ਇਲਾਵਾ ਦਰਜ਼ਨਾਂ ਪਿੰਡਾਂ ਵਿੱਚ ਧਾਦਲੀਆਂ ਕਰਕੇ ਨਾਮਜਦਗੀਆਂ ਰੱਦ ਕੀਤੀਆਂ ਗਈਆਂ ਹਨ। ਸਾਬਕਾ ਵਿਧਾਇਕ ਕੰਬੋਜ਼ ਅਤੇ ਜਲਾਲਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਪਿੰਡਾਂ ਵਿੱਚ ਧੱਕੇ ਨਾਲ ਸਰਪੰਚ ਅਤੇ ਪੰਚ ਬਣਨ ਵਾਲੇ ਵਿਅਕਤੀਆਂ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਗੁਰਲਾਲ ਘਨੋਰ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਹਲਕਾ ਰਾਜਪੁਰਾ ਅਤੇ ਘਨੋਰ ਵਿੱਚ ਸਰੇਆਮ ਲੋਕਤੰਤਰ ਦਾ ਘਾਣ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਧਿਰ ਆਪਣੇ ਆਪ ਨੂੰ ਸਹੀ ਮੰਨਦੀ ਹੈ ਤਾਂ ਸਾਰੇ ਸਰਪੰਚਾਂ ਤੇ ਪੰਚਾਂ ਨੂੰ ਮੈਦਾਨ ਵਿੱਚ ਉਤਾਰ ਕੇ ਚੋਣ ਲੜੇ ਤਾਂ ਜੋ ਲੋਕਾਂ ਦੀ ਸੋਚ ਅਤੇ ਸਚਾਈ ਸਾਹਮਣੇ ਆ ਸਕੇ। ਅਜਿਹੀਆਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੇ ਕਾਰਨ ਪਿੰਡਾਂ ਵਿੱਚ ਧੜੇਬੰਦੀਆਂ ਬਣ ਰਹੀਆਂ ਹਨ ਜੋ ਕਿ ਭਵਿੱਖ ਲਈ ਖਤਰੇ ਦੀ ਘੰਟੀ ਹੈ।ਇਸ ਤੋਂ ਇਲਾਵਾ ਧੱਕੇਸ਼ਾਹੀ ਕਰਦਿਆਂ ਕਾਗਜਾਤ ਰੱਦ ਕਰਵਾਉਣ ਵਾਲੇ ਬੀਡੀਪੀਓ ਅਤੇ ਆਰਓਜ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਧਰਨਕਾਰੀਆਂ ਵੱਲੋਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਪੌਣੇ 4 ਵਜੇ ਤੱਕ ਰੋਸ ਧਰਨਾ ਜਾਰੀ ਰੱਖਿਆ। ਇਸ ਮੌਕੇ ਪਹੁੰਚੇ ਐਸਡੀਐਮ ਰਾਜਪੁਰਾ ਨੇ ਧਰਨਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਕਿਸੇ ਵੀ ਉਮੀਦਵਾਰ ਦੇ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਸਾਰੇ ਕਾਗਜਾ ਦੀ ਮੁੜ ਤੋਂ ਜਾਚ ਕਰਕੇ ਬਣਦਾ ਇਨਸਾਫ ਦੁਆਇਆ ਜਾਵੇਗਾ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ । ਇਸ ਮੌਕੇ ਅਮਨਦੀਪ ਸਿੰਘ ਨਾਗੀ, ਕੌਂਸਲਰ ਜਗਨੰਦਨ ਗੁਪਤਾ, ਮਲਕੀਤ ਸਿੰਘ ਉਪਲਹੇੜੀ, ਜੱਗਾ ਕੋਟਲਾ, ਸੁਰਿੰਦਰ ਸਿੰਘ ਘੁਮਾਣਾ, ਹਰਵਿੰਦਰ ਸਿੰਘ ਰਿੰਕੂ, ਗੋਰਵ ਗਾਬਾ ਸਮੇਤ ਹੋਰ ਹਾਜਰ ਸਨ ।