ਖ਼ਾਲਸਾ ਕਾਲਜ ਪਟਿਆਲਾ ਦੇ ਖੇਤੀਬਾੜੀ ਵਿਭਾਗ ਵੱਲੋਂ ਨਾਬਾਡ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਦਿੱਤੀ ਗਈ ਸਿਖਲਾਈ

ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 06:08 PM

ਖ਼ਾਲਸਾ ਕਾਲਜ ਪਟਿਆਲਾ ਦੇ ਖੇਤੀਬਾੜੀ ਵਿਭਾਗ ਵੱਲੋਂ ਨਾਬਾਡ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਦਿੱਤੀ ਗਈ ਸਿਖਲਾਈ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ ਵੱਲੋਂ ਇਕ ਰੋਜ਼ਾ ਜ਼ੀਰੋ ਐਨਰਜੀ ਕੂਲ ਚੈਂਬਰ ਸਿਖਲਾਈ ਟਰੇਨਿੰਗ ਪ੍ਰੋਗਰਾਮ ਕੈਂਪਸ ਫਾਰ ਐਡਵਾਂਸ ਸਟੱਡੀਜ਼ ਧਬਲਾਨ ਵਿਖੇ ਅਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਨਾਬਾਡ ਪ੍ਰੋਜੈਕਟ ਦੇ ਅੰਤਰਗਤ ਸ਼੍ਰੀਮਤੀ ਪਰਵਿੰਦਰ ਕੌਰ ਏ. ਜੀ.ਐਮ. ਨਾਬਾਰਡ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਪੂਰਨ ਕੀਤਾ ਗਿਆ । ਇਸ ਸਬੰਧੀ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਕਾਲਜ ਦਾ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਇਲਾਕੇ ਦੇ ਕਿਸਾਨਾਂ ਦੀ ਰਹਿਨੁਮਾਈ ਕਰਨ ਅਤੇ ਉਨਾਂ ਦੀ ਆਮਦਨ ਨੂੰ ਵਧਾਉਣ ਵਾਲੇ ਢੰਗ ਤਰੀਕਿਆਂ ਦੀ ਖੋਜ ਕਰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ ਖੇਤੀ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਨੂੰ ਕਿਸਾਨਾਂ ਨਾਲ ਸਾਂਝਾ ਵੀ ਕਰਦਾ ਇਸੇ ਤਹਿਤ ਅੱਜ ਕਿਸਾਨਾਂ ਨੂੰ ਜ਼ੀਰੋ ਐਨਰਜੀ ਕੂਲ ਚੈਂਬਰ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਆਸ ਪ੍ਰਗਟ ਕੀਤੀ ਕਿ ਇਸ ਤਕਨੀਕ ਰਾਹੀਂ ਕਿਸਾਨ ਆਪਣੇ ਫਲਾਂ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਣਗੇ । ਇਸ ਮੌਕੇ ਕਿਸਾਨਾਂ ਅਤੇ ਬੀ.ਐਸ ਸੀ. ਐਗਰੀਕਲਚਰ ਭਾਗ ਚੌਥਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਪ੍ਰਦੀਪ ਕੁਮਾਰ ਸ੍ਰੀਵਾਸਤਵਾ ਨੇ ਇਸ ਪ੍ਰੋਜੈਕਟ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਆਮ ਤੌਰ ’ਤੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸਦੀ ਸਾਫ-ਸੰਭਾਲ ਲਈ ਕੋਲਡ ਸਟੋਰ ਤਿਆਰ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਉਨਾਂ ਨੇ ਇਸ ਮੁਸ਼ਕਲ ਦਾ ਹੱਲ ਦੱਸਦੇ ਹੋਏ ਕਿਹਾ ਕਿ ਕਿਵੇਂ ਅਸੀਂ ਜੀਰੋ ਐਨਰਜੀ ਕੂਲ ਚੈਂਬਰਾਂ ਦੀ ਬਿਨਾਂ ਕਿਸੇ ਖਰਚੇ ਅਤੇ ਊਰਜਾ ਤੋਂ ਵਰਤੋਂ ਕਰ ਸਕਦੇ ਹਾਂ ਅਤੇ ਕਿਵੇਂ ਇਹ ਛੋਟੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਮੌਕੇ ਪ੍ਰੋ. ਮਹਿੰਦਰ ਲਾਲ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਸਾਨਾਂ ਨੂੰ ਇਸ ਪ੍ਰੋਜੈਕਟ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਸੰਬੋਧਨ ਵਿੱਚ ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਅਮਰਜੀਤ ਕੌਰ ਅਤੇ ਪ੍ਰੋ. ਦੀਪਕ ਬਾਵਾ ਨੇ ਦੱਸਿਆ ਕਿ ਕਿਵੇਂ ਇਸ ਨੂੰ ਵਰਤ ਕੇ ਕਿਸਾਨ ਆਪਣੀਆਂ ਸਬਜ਼ੀਆਂ ਅਤੇ ਫਲਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕੁਦਰਤੀ ਢੰਗ ਨਾਲ ਖੇਤੀ ਕਰਨ ਅਤੇ ਮਿੱਟੀ ਦੀ ਜਾਂਚ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਕਿਸਾਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਆਪਣੀਆਂ ਸਮੱਸਿਆਵਾਂ ਖੇਤੀਬਾੜੀ ਵਿਭਾਗ ਦੇ ਪ੍ਰੋਫੈਸਰਾਂ ਨਾਲ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਆਏ ਤਕਰੀਬਨ 50 ਕਿਸਾਨਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਇਸ ਨੂੰ ਲਾਭਦਾਇਕ ਦੱਸਿਆ ।