ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ `ਚੋਂ ਉਡਾਣ ਭਰਨ ਦੌਰਾਨ ਧੂਆਂ ਨਿਕਲਣ ਮਗਰੋਂ ਜਹਾਜ਼ ਵਾਪਸ ਰਨ-ਵੇਅ `ਤੇ ਉਤਾਰਿਆ

ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ `ਚੋਂ ਉਡਾਣ ਭਰਨ ਦੌਰਾਨ ਧੂਆਂ ਨਿਕਲਣ ਮਗਰੋਂ ਜਹਾਜ਼ ਵਾਪਸ ਰਨ-ਵੇਅ `ਤੇ ਉਤਾਰਿਆ
ਤਿਰੂਵਨੰਤਪੁਰਮ : ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ `ਚੋਂ ਉਡਾਣ ਭਰਨ ਦੌਰਾਨ ਧੂਆਂ ਵਿਖਾਈ ਦਿੱਤਾ, ਜਿਸ ਮਗਰੋਂ ਜਹਾਜ਼ ਨੂੰ ਵਾਪਸ ਰਨ-ਵੇਅ `ਤੇ ਉਤਾਰਿਆ ਗਿਆ। ਜਹਾਜ਼ `ਚੋਂ ਧੂੰਆਂ ਉੱਠਦੇ ਵੇਖ ਕੇ ਯਾਤਰੀਆਂ `ਚ ਹੜਕੰਪ ਮਚ ਗਿਆ। ਜਹਾਜ਼ ਦੀ ਤੁਰੰਤ ਤਿਰੂਵਨੰਤਪੁਰਮ ਹਵਾਈ ਅੱਡੇ `ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਬਾਜ਼ੀ ਕੰਪਨੀ ਅਤੇ ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਮਸਕਟ ਜਾਣ ਵਾਲੀ ਫਲਾਈਟ `ਚ ਧੂੰਏਂ ਦੀ ਚਿਤਾਵਨੀ ਮਿਲੀ । ਸੂਤਰ ਨੇ ਦੱਸਿਆ ਕਿ ਜਹਾਜ਼ `ਚ 142 ਯਾਤਰੀ ਸਵਾਰ ਸਨ ਅਤੇ ਯਾਤਰੀਆਂ ਨੂੰ ਜਾਂਚ ਲਈ ਉਤਾਰਿਆ ਗਿਆ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਮੁਤਾਬਕ ਜਹਾਜ਼ ਦੇ ਉਡਾਣ ਭਰਦੇ ਹੀ ਧੂੰਆਂ ਨਜ਼ਰ ਆਉਣ ਲੱਗਾ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੂੰਏਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਕਿ ਅਸੀਂ ਜਹਾਜ਼ ਦੇ ਸੰਚਾਲਨ ਦੇ ਹਰ ਪਹਿਲੂ ਵਿਚ ਸੁਰੱਖਿਆ ਨੂੰ ਪਹਿਲ ਦਿੰਦੇ ਹਾਂ ਅਤੇ ਅਸੁਵਿਧਾ ਲਈ ਮੁਆਫੀ ਮੰਗਦੇ ਹਾਂ।
