ਜਗਦੀਸ਼ ਟਾਈਟਲਰ ਖਿ਼ਲਾਫ਼ 40 ਸਾਲਾਂ ਬਾਅਦ ਮੁਕੱਦਮੇ ਦੀ ਸੁਣਵਾਈ ਅੱਜ ਤੋਂ ਰੈਗੂਲਰ ਤੌਰ ’ਤੇ ਹੋਈ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Friday, 04 October, 2024, 11:48 AM

ਜਗਦੀਸ਼ ਟਾਈਟਲਰ ਖਿ਼ਲਾਫ਼ 40 ਸਾਲਾਂ ਬਾਅਦ ਮੁਕੱਦਮੇ ਦੀ ਸੁਣਵਾਈ ਅੱਜ ਤੋਂ ਰੈਗੂਲਰ ਤੌਰ ’ਤੇ ਹੋਈ ਸ਼ੁਰੂ
ਨਵੀਂ ਦਿੱਲੀ : ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਬਾਹਰ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿ਼ਲਾਫ਼ ਆਖ਼ਰਕਾਰ 40 ਸਾਲਾਂ ਬਾਅਦ ਮੁਕੱਦਮੇ ਦੀ ਸੁਣਵਾਈ ਅੱਜ ਤੋਂ ਨਿਯਮਤ ਤੌਰ ’ਤੇ ਸ਼ੁਰੂ ਹੋ ਗਈ ਹੈ। ਘਟਨਾ ਵਿੱਚ ਮਾਰੇ ਗਏ ਤਿੰਨ ਸਿੱਖਾਂ ਵਿੱਚੋਂ ਇਕ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੇ ਅੱਜ ਇੱਥੋਂ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਸੀਬੀਆਈ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਕੋਲ ਆਪਣੇ ਬਿਆਨ ਦਰਜ ਕਰਵਾਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅੱਜ ਬੀਬੀ ਲਖਵਿੰਦਰ ਕੌਰ ਤੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਲੈ ਕੇ ਅਦਾਲਤ ਪੁੱਜੇ, ਜਿੱਥੇ ਲਖਵਿੰਦਰ ਕੌਰ ਨੇ ਆਪਣੇ ਬਿਆਨ ਦਰਜ ਕਰਵਾਏ। ਬੀਬੀ ਲਖਵਿੰਦਰ ਕੌਰ ਦੇ ਬਿਆਨ ਦਰਜ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਾਹਲੋਂ ਨੇ ਦੱਸਿਆ ਕਿ ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦਿੱਲੀ ਦੀ ਘਟਨਾ ਵਿੱਚ ਤਿੰਨ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਇਕ ਬਾਦਲ ਸਿੰਘ ਸਨ, ਜਿਨ੍ਹਾਂ ਦੀ ਪਤਨੀ ਲਖਵਿੰਦਰ ਕੌਰ ਵੱਲੋਂ ਮੁੜ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਮੁੜ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਜੱਜ ਬੀਤੇ ਕੱਲ੍ਹ ਸੇਵਾਮੁਕਤ ਹੋ ਗਏ ਸਨ ਤੇ ਅੱਜ ਡਿਊਟੀ ’ਤੇ ਹਾਜ਼ਰ ਜੱਜ ਨੇ ਲਖਵਿੰਦਰ ਕੌਰ ਦੇ ਬਿਆਨ ਦਰਜ ਕੀਤੇ ਹਨ। ਹੁਣ ਰੈਗੂਲਰ ਜੱਜ ਦੀ ਨਿਯੁਕਤੀ ਹੋ ਜਾਵੇਗੀ ਤਾਂ ਕੇਸ ਦੀ ਰੈਗੂਲਰ ਸੁਣਵਾਈ ਜਾਰੀ ਰਹੇਗੀ। ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 15 ਅਕਤੂਬਰ ਹੈ ਜਦੋਂ ਲਖਵਿੰਦਰ ਕੌਰ ਕੋਲੋਂ ਬਚਾਅ ਪੱਖ ਵੱਲੋਂ ਸਵਾਲ ਕੀਤੇ ਜਾਣਗੇ।