ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਨੂੰ ਰੀਵਿਊ ਕਰਨ ਦੇ ਚਲਦਿਆਂ ਵਿਭਾਗ ਦੀ ਸੈਕਟਰੀ ਵਿੰਨੀ ਮਹਾਜਨ 7 ਨੂੰ ਕਰਨਗੇ ਦਿੱਲੀ ’ਚ ਸਬੰਧਤ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ

ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਨੂੰ ਰੀਵਿਊ ਕਰਨ ਦੇ ਚਲਦਿਆਂ ਵਿਭਾਗ ਦੀ ਸੈਕਟਰੀ ਵਿੰਨੀ ਮਹਾਜਨ 7 ਨੂੰ ਕਰਨਗੇ ਦਿੱਲੀ ’ਚ ਸਬੰਧਤ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ
ਲੁਧਿਆਣਾ : ਕੇਂਦਰੀ ਜਲ ਸ਼ਕਤੀ ਮੰਤਰਾਲਾ ਵੱਲੋਂ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਨੂੰ ਰੀਵਿਊ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਵਿਭਾਗ ਦੀ ਸੈਕਟਰੀ ਵਿੰਨੀ ਮਹਾਜਨ ਵੱਲੋਂ 7 ਅਕਤੂਬਰ ਨੂੰ ਦਿੱਲੀ ’ਚ ਸਬੰਧਤ ਵਿਭਾਗਾਂ ਦੇ ਅਫਸਰਾਂ ਦੀ ਮੀਟਿੰਗ ਬੁਲਾਈ ਗਈ ਹੈ।ਜਿਨ੍ਹਾਂ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਵਿਚ ਲੋਕਲ ਬਾਡੀਜ਼ ਵਿਭਾਗ ਦੇ ਵਧੀਕ ਮੁੱਖ ਸੈਕਟਰੀ ਤੇਜਵੀਰ ਸਿੰਘ, ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ, ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸੈਕਟਰੀ ਪ੍ਰਿਯਾਂਕ ਭਾਰਤੀ, ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਕਟਰੀ, ਪੀ. ਐੱਮ. ਆਈ. ਡੀ. ਦੀ ਸੀ. ਈ. ਓ. ਦੀਪਤੀ ਉੱਪਲ, ਪੇਡਾ ਦੇ ਐੱਮ.ਡੀ. ਸੰਦੀਪ ਹੰਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਸ਼ਾਮਲ ਹਨ। ਦੱਸਣਯੋਗ ਹੈ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੰਢੇ ’ਤੇ ਲਾਈਨ ਵਿਛਾਉਣ, ਪੰਪਿੰਗ ਸਟੇਸ਼ਨ ਬਣਾਉਣ ਸਮੇਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਅਪਗ੍ਰੇਡੇਸ਼ਨ ’ਤੇ ਜੋ ਕਰੋੜਾਂ ਖਰਚ ਕੀਤੇ ਗਏ ਹਨ ਦੇ ਲਈ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਅਤੇ ਅਟਲ ਮਿਸ਼ਨ ਤਹਿਤ ਫੰਡ ਵੀ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਦੀ ਪ੍ਰੋਗ੍ਰੈੱਸ ਰਿਪੋਰਟ ਮੰਗੀ ਗਈ ਹੈ, ਜਿਸ ਦੇ ਤਹਿਤ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸੈਕਟਰੀ ਪ੍ਰਿਯਾਂਕ ਭਾਰਤੀ ਛੁੱਟੀ ਵਾਲੇ ਦਿਨ ਗਰਾਊਂਡ ਜ਼ੀਰੋ ’ਤੇ ਪੁੱਜੇ। ਉਨ੍ਹਾਂ ਨੇ ਕੂਮਕਲਾਂ ਤੋਂ ਬੁੱਢੇ ਨਾਲੇ ਦੇ ਸ਼ੁਰੂ ਹੋਣ ਦੇ ਪੁਆਇੰਟ ਤੋਂ ਲੈ ਕੇ ਵਲੀਪੁਰ ’ਚ ਸਤਲੁਜ ਦਰਿਆ ’ਚ ਮਿਲਣ ਵਾਲੇ ਪੁਆਇੰਟ ਤੱਕ ਰਿਆਲਟੀ ਚੈੱਕ ਕੀਤੀ। ਉਨ੍ਹਾਂ ਦੇ ਨਾਲ ਪੀ. ਪੀ. ਸੀ. ਬੀ. ਦੇ ਅਫਸਰ ਵੀ ਮੌਜੂਦ ਸਨ। ਸੈਕਟਰੀ ਨੇ ਸੀ.ਈ.ਟੀ.ਪੀ. ਅਤੇ ਐੱਸ.ਟੀ.ਪੀ. ਦੇ ਪ੍ਰਬੰਧਕਾਂ ਨੂੰ ਮਿਲ ਕੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਸਬੰਧੀ ਸਟੇਟਸ ਰਿਪੋਰਟ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਕਈ ਪਹਿਲੂਆਂ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਹੱਲ ਲਈ ਸਾਰਿਆਂ ਦਾ ਸਹਿਯੋਗ ਮਿਲਣਾ ਜ਼ਰੂਰੀ ਹੈ।
