ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ

ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ
ਤਹਿਤ ਪੇਠਾ ਬਣਾਉਣ ਵਾਲੀਆਂ ਫੈਕਟਰੀਆਂ ਵਿੱਚੋਂ ਪੇਠੇ ਦੇ ਭਰੇ ਸੈਂਪਲ: ਜਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ
ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਡਾ. ਅਵੀਨਭ ਤ੍ਰਿਖਾ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ, ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਚੈਂਕਿੰਗ ਤੇਜ਼ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਤਰੁਣ ਬਾਂਸਲ ਅਤੇ ਇਸ਼ਾਨ ਬਾਂਸਲ ਦੀ ਟੀਮ ਵੱਲੋਂ ਅੱਜ ਪਟਿਆਲਾ ਦੇ ਫੋਕਲ ਪੁਆਇੰਟ ਅਤੇ ਤਫੱਜਲਪੁਰਾ ਵਿਖੇ ਪੇਠਾ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਛਾਪਾਮਾਰੀ ਕੀਤੀ ਗਈ, ਜਿਥੇ ਉਹਨਾਂ ਵੱਲੋਂ ਪੇਠੇ ਦੇ ਸੈਂਪਲ ਭਰੇ ਗਏ, ਜ਼ੋ ਕਿ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਜਾਣਗੇ। ਜਾਂਚ ਰਿਪੋਰਟ ਆਉਣ ਉਪਰੰਤ ਸਬੰਧਿਤ ਧਿਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਸਬੰਧਿਤ ਫੈਕਟਰੀਆਂ ਵਿੱਚ ਸਫਾਈ ਨਾ ਹੋਣ ਕਾਰਨ ਚਲਾਨ ਵੀ ਕੱਟੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਖਾਧ ਪਦਾਰਥ ਬਣਾਉਣ ਅਤੇ ਵਿਕਰੀ ਸਮੇਂ ਨਿੱਜੀ ਸਾਫ ਸਫਾਈ, ਅਦਾਰੇ ਵਿੱਚ ਕੰਮ ਕਰਨ ਵਾਲੀਆਂ ਥਾਂਵਾ ਦੀ ਸਾਫ ਸਫਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਤਾ ਨੂੰ ਕਾਇਮ ਰੱਖਿਆ ਜਾਵੇ। ਉਹਨਾਂ ਜਿਲ੍ਹੇ ਅਧੀਨ ਆਉਂਦੇ ਸਾਰੇ ਮਿਠਾਈਆਂ, ਬੇਕਰੀ, ਹੋਟਲ, ਢਾਬੇ ਵਾਲਿਆਂ ਆਦਿ ਖਾਧ ਪਦਾਰਥਾਂ ਦਾ ਉਤਪਾਦ ਅਤੇ ਵਿਕਰੀ ਕਰਨ ਵਾਲਿਆਂ ਨੂੰ ਆਪਣੀ ਰਜਿਸ਼ਟਰੇਸ਼ਨ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਕਰਵਾਉਣ ਦੀ ਅਪੀਲ ਵੀ ਕੀਤੀ। ਸਬ-ਸਟੈਂਡਰਡ ਅਤੇ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
