ਐਸ. ਡੀ. ਐਮ. ਕਿਰਪਾਲਵੀਰ ਸਿੰਘ ਵੱਲੋਂ ਦੇਵੀਗੜ੍ਹ ਤੇ ਦੂਧਨਸਾਧਾਂ ਮੰਡੀਆਂ ਦਾ ਦੌਰਾ, ਝੋਨੇ ਦੀ ਖਰੀਦ ਨਿਰਵਿਘਨ ਜਾਰੀ

ਐਸ.ਡੀ.ਐਮ. ਕਿਰਪਾਲਵੀਰ ਸਿੰਘ ਵੱਲੋਂ ਦੇਵੀਗੜ੍ਹ ਤੇ ਦੂਧਨਸਾਧਾਂ ਮੰਡੀਆਂ ਦਾ ਦੌਰਾ, ਝੋਨੇ ਦੀ ਖਰੀਦ ਨਿਰਵਿਘਨ ਜਾਰੀ
-ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ
ਦੇਵੀਗੜ੍ਹ, 8 ਅਕਤੂਬਰ : ਦੂਧਨ ਸਾਧਾਂ ਦੇ ਐਸ.ਡੀ.ਐਮ. ਕਿਰਪਾਲਵੀਰ ਸਿੰਘ ਨੇ ਅੱਜ ਦੇਵੀਗੜ੍ਹ ਤੇ ਦੂਧਨਸਾਧਾਂ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਡੀਆਂ ਸਮੇਤ ਸਬ ਡਵੀਜਨ ਦੇ ਹੋਰ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਖਰੀਦ ਕਰਕੇ ਅਦਾਇਗੀ ਨਾਲੋ-ਨਾਲ ਅਤੇ ਲਿਫ਼ਟਿੰਗ ਵੀ ਤੁਰੰਤ ਕਰਵਾਉਣ ਦੇ ਆਦੇਸ਼ ਕੀਤੇ ਗਏ ਹਨ।
ਐਸ.ਡੀ.ਐਮ. ਨੇ ਇਸ ਦੌਰਾਨ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਆਪਣੀ ਝੋਨੇ ਦੀ ਫ਼ਸਲ ਖਰੀਦ ਦੇ ਮਾਪਦੰਡਾਂ ਮੁਤਾਬਕ ਸੁੱਕੀ ਹੀ ਲੈਕੇ ਆਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸਬ ਡਵੀਜ਼ਨ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹਨ।
ਕਿਰਪਾਲਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਕੱਟਣ ਬਾਅਦ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਕਿ ਸਾਡਾ ਵਾਤਾਵਰਨ ਸਾਫ਼ ਸੁਥਰਾ ਰਹੇ ਤੇ ਧਰਤੀ ਦੀ ਸਿਹਤ ਤੇ ਮਨੁੱਖਾਂ ਸਮੇਤ ਪਸ਼ੂ ਪੰਛੀਆਂ ਉਪਰ ਵੀ ਮਾੜਾ ਪ੍ਰਭਾਵ ਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਦੀ ਸੰਭਾਂਲ ਲਈ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਵੀ ਕਰਕੇ ਦਿੱਤੇ ਗਏ ਹਨ।
