ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਵਸਨੀਕਾਂ ਦੀ ਦਹਾਕਿਆਂ ਪੁਰਾਣੀ ਇੱਕ ਹੋਰ ਸਮੱਸਿਆ ਜਲਦੀ ਹੋਵੇਗੀ ਹੱਲ : ਅਮਨ ਅਰੋੜਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 08 October, 2024, 05:08 PM

ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਵਸਨੀਕਾਂ ਦੀ ਦਹਾਕਿਆਂ ਪੁਰਾਣੀ ਇੱਕ ਹੋਰ ਸਮੱਸਿਆ ਜਲਦੀ ਹੋਵੇਗੀ ਹੱਲ : ਅਮਨ ਅਰੋੜਾ
ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ: ਕੈਬਨਿਟ ਮੰਤਰੀ ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇੰਦਰਾ ਬਸਤੀ ਵਾਸੀਆਂ ਨੂੰ ਹਰ ਹੀਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਕਰਵਾਉਣ ਦਾ ਭਰੋਸਾ
ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪ੍ਰਗਟਾਵਾ ਕੀਤਾ ਕਿ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਕਈ ਦਹਾਕਿਆਂ ਤੋਂ ਦਰਪੇਸ਼ ਸਮੱਸਿਆ ਨੂੰ ਦੂਰ ਕਰਨ ਲਈ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ । ਨਿਰਮਾਣ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਅਧਿਕਾਰੀਆਂ ਸਮੇਤ ਸੁਨਾਮ ਸ਼ਹਿਰ ਵਿਖੇ ਰੇਲਵੇ ਅੰਡਰ ਬ੍ਰਿਜ ਵਾਲੀ ਜਗ੍ਹਾ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਪੂਰੇ ਪ੍ਰੋਜੈਕਟ ਉੱਪਰ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਆਉਣ ਵਾਲੇ ਥੋੜ੍ਹੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਰੇਲਵੇ ਟਰੈਕ ਦੇ ਦੋਵੇਂ ਪਾਸੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਸ਼ਹਿਰ ਵਾਸੀਆਂ ਨੂੰ ਫਾਟਕ ਬੰਦ ਹੋਣ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਦਵਾਉਣ ਲਈ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੇਲਵੇ ਟਰੈਕ ਤੋਂ ਰੋਜ਼ਾਨਾ ਬਹੁਗਿਣਤੀ ਪੈਸੇਂਜਰ ਅਤੇ ਮਾਲ ਗੱਡੀਆਂ ਗੁਜ਼ਰਦੀਆਂ ਹਨ ਜਿਸ ਕਰਕੇ ਇਹ ਫਾਟਕ ਦਿਨ ਵਿੱਚ ਅਨੇਕਾਂ ਵਾਰ ਬੰਦ ਹੋ ਕੇ ਸੜਕੀ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਜਿਸਦਾ ਹੁਣ ਪੱਕਾ ਹੱਲ ਕਰਵਾਇਆ ਜਾਵੇਗਾ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਉਨ੍ਹਾਂ ਵੱਲੋਂ ਸਥਾਨਕ ਵਾਸੀਆਂ ਨਾਲ ਕੀਤੇ ਗਏ ਸਨ, ਹੁਣ ੳਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸ਼ਹਿਰ ਦੀ ਵੱਕਾਰੀ ਸੰਸਥਾ ਸ਼ਹੀਦ ਊਧਮ ਸਿੰਘ ਆਈ.ਟੀ.ਆਈ. ਦਾ ਨਵੀਨੀਕਰਨ ਹੋਵੇ ਜਾਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ, ਇਹ ਸਾਰੇ ਕੰਮ ਲੋਕਾਂ ਦੀ ਲੋੜ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਰਜੀਹੀ ਆਧਾਰ ਉੱਤੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕ ਚੌੜੀ ਕਰਨ ਦਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੇ ਅਣਗੌਲੇ ਵਿਹਾਰ ਕਰਕੇ ਬੰਦ ਹੋਇਆ ਪਿਆ ਸੀ ਜਿਸਨੂੰ ਹੁਣ ਉਨ੍ਹਾਂ ਵੱਲੋਂ ਖੁਦ ਆਪਣੀ ਦੇਖਰੇਖ ਹੇਠ ਪੂਰਾ ਕਰਵਾਇਆ ਗਿਆ ਹੈ । ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਹਿਰ ਦੀ ਇੰਦਰਾ ਬਸਤੀ ਵਾਸੀਆਂ ਨੂੰ ਰੇਲਵੇ ਅੰਡਰ ਬ੍ਰਿਜ ਬਣਨ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਲਈ ਹਰ ਹੀਲੇ ਢੁੱਕਵੇਂ ਪ੍ਰਬੰਧ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ, ਐਕਸੀਅਨ ਪੀ.ਐਸ.ਪੀ.ਸੀ.ਐਲ. ਗੁਰਸ਼ਰਨ ਸਿੰਘ, ਐਸ.ਐਸ.ਈ. ਜਲ ਸਪਲਾਈ ਸੁਰੇਸ਼ ਕੁਮਾਰ, ਐਕਸੀਅਨ ਸੀਵਰੇਜ ਬੋਰਡ ਸਤਵਿੰਦਰ ਸਿੰਘ ਢਿੱਲੋਂ, ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ, ਐਸ.ਡੀ.ਓ. ਬੀ.ਐਸ.ਐਨ.ਐਲ. ਸੰਪੂਰਨ ਸਿੰਘ, ਐਸ.ਡੀ.ਓ. ਚਮਕੌਰ ਸਿੰਘ, ਏ.ਐਮ.ਈ. ਅਵਤਾਰ ਸਿੰਘ ਨੱਤ, ਜੇ.ਈ. ਰਾਜ ਕੁਮਾਰ, ਐਸ.ਐਸ.ਈ. ਸੁਰੇਸ਼ ਕੁਮਾਰ, ਐਸ.ਡੀ.ਈ. ਗਗਨ ਗਰਗ, ਜੇ.ਈ. ਸਿਮਰਨਜੀਤ ਸਿੰਘ, ਪੁਸ਼ਪਿੰਦਰ ਸਿੰਘ, ਜਤਿੰਦਰ ਜੈਨ, ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਸ਼ਹਿਰ ਵਾਸੀ ਹਾਜ਼ਰ ਸਨ।