ਪਟਿਆਲਾ-ਬਲਬੇੜ੍ਹਾ ਰੋਡ `ਤੇ ਪਿੰਡ ਕੁਲ੍ਹੇ ਮਾਜਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ `ਚ ਤਿੰਨ ਵਿਅਕਤੀਆਂ ਦੀ ਮੌਤ ਤੇ ਸਤ ਜਣੇ ਹੋਏ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 08 October, 2024, 01:29 PM

ਪਟਿਆਲਾ-ਬਲਬੇੜ੍ਹਾ ਰੋਡ `ਤੇ ਪਿੰਡ ਕੁਲ੍ਹੇ ਮਾਜਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ `ਚ ਤਿੰਨ ਵਿਅਕਤੀਆਂ ਦੀ ਮੌਤ ਤੇ ਸਤ ਜਣੇ ਹੋਏ ਜ਼ਖ਼ਮੀ
ਪਟਿਆਲਾ : ਪਟਿਆਲਾ-ਬਲਬੇੜ੍ਹਾ ਰੋਡ `ਤੇ ਥਾਣਾ ਸਦਰ ਪਟਿਆਲਾ ਦੇ ਪਿੰਡ ਕੁਲ੍ਹੇ ਮਾਜਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ `ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ 2 ਘਨੌਰ ਅਤੇ ਇੱਕ ਚੀਕਾ ਦਾ ਰਹਿਣ ਵਾਲਾ ਸੀ।ਜਾਣਕਾਰੀ ਅਨੁਸਾਰ ਇਹ ਹਾਦਸਾ ਸੜਕ ’ਤੇ ਬਿਨਾਂ ਪਾਰਕਿੰਗ ਲਾਈਟਾਂ ਦੇ ਖੜ੍ਹੇ ਟਿੱਪਰ ਕਾਰਨ ਵਾਪਰਿਆ, ਜਿਸ ਕਾਰਨ 2 ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਇਨ੍ਹਾਂ ਵਿੱਚ ਪੰਜਾਬ ਨੰਬਰ ਈਟੀਓਸ ਕਾਰ ਵਿੱਚ ਸਵਾਰ ਮਾਂ-ਪੁੱਤ ਜਸਪਾਲ ਕੌਰ (55 ਸਾਲ) ਅਤੇ ਹਰਿੰਦਰ ਸਿੰਘ (38 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਥਾਣਾ ਘਨੌਰ ਦੇ ਪਿੰਡ ਆਲਮਦੀਪੁਰ ਦਾ ਰਹਿਣ ਵਾਲੇ ਸਨ। ਕਾਰ ਵਿੱਚ ਸਵਾਰ ਬਲਕਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਆਲਮਦੀਪੁਰ, ਅੰਬਾਲਾ ਜਿ਼ਲ੍ਹੇ ਦੇ ਪਿੰਡ ਸੂਲਰ ਦਾ ਰਹਿਣ ਵਾਲਾ ਹਰਭਜਨ ਸਿੰਘ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਵੀ ਗੰਭੀਰ ਜ਼ਖ਼ਮੀ ਹੋ ਗਏ।ਦੂਜੀ ਹਰਿਆਣਾ ਨੰਬਰ ਦੀ ਸਵਿਫਟ ਕਾਰ ਜਿਸ `ਚ ਪੂਨਮ ਪਤਨੀ ਪਵਨ ਕੁਮਾਰ ਵਾਸੀ ਚੀਕਾ ਹਰਿਆਣਾ ਦੀ ਮੌਕੇ `ਤੇ ਹੀ ਮੌਤ ਹੋ ਗਈ। ਪਵਨ ਕੁਮਾਰ ਦੇ ਨਾਲ ਹੀ ਗੌਰਵ, ਚੇਤਨਾ ਅਤੇ ਜੋਤੀ ਰਾਣੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਸਾਰੇ 7 ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਤਿੰਨ ਲਾਸ਼ਾਂ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਪਟਿਆਲਾ ਦੇ ਐਸਐਚਓ ਮੌਕੇ ਦਾ ਦੌਰਾ ਕੀਤਾ। ਮਾਮਲੇ ਵਿੱਚ ਟਿੱਪਰ ਚਾਲਕ ਬਲਵੀਰ ਸਿੰਘ ਵਾਸੀ ਪਿੰਡ ਬਘੌਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।