ਪਿੰਡ ਸੇਖਵਾਂ ਵਿੱਚ ਨੌਜਵਾਨ ਦਾ ਗੁੱਟ ਕਿਰਪਾਨ ਨਾਲ ਵੱਢ ਦਿੱਤਾ

ਪਿੰਡ ਸੇਖਵਾਂ ਵਿੱਚ ਨੌਜਵਾਨ ਦਾ ਗੁੱਟ ਕਿਰਪਾਨ ਨਾਲ ਵੱਢ ਦਿੱਤਾ
ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਸੇਖਵਾਂ ’ਚ ਸਰਪੰਚ ਬਣਦਿਆਂ ਹੀ ਪਹਿਲੇ ਦਿਨ ਪਿੰਡ ਸੇਖਵਾਂ ਵਿੱਚ ਨੌਜਵਾਨ ਦਾ ਕਿਰਪਾਨ ਨਾਲ ਗੁੱਟ ਵੱਢ ਦਿੱਤਾ ਗਿਆ ਜੋ ਕਿ ਜ਼ੇਰੇ ਇਲਾਜ਼ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਿਨਾਂ ਵੋਟਾਂ ਦੇ ਜਿੱਤ ਕੇ ਪਿੰਡ ਪਹੁੰਚੀ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਵਲੋਂ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਹਨਾਂ ਦੀ ਪਿੰਡ ਦੇ ਲੋਕਾਂ ਨਾਲ ਝੜਪ ਹੋ ਗਈ, ਜਿਸ ਦੌਰਾਨ ਦੂਜੀ ਧਿਰ ਨੇ ਨੌਜਵਾਨ ਜੋਰਾਵਰ ਸਿੰਘ ਦਾ ਗੁੱਟ ਵੱਢ ਦਿੱਤਾ ਤੇ ਕੁਝ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।ਜ਼ਖ਼ਮੀ ਨੌਜਵਾਨ ਨੂੰ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।ਇਸੇ ਝੜਪ ਦੌਰਾਨ ਇਕ ਬਜ਼ੁਰਗ ਸਰਦੂਲ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ। ਸਰਕਾਰੀ ਹਸਪਤਾਲ ਵਿਖੇ ਪਹੁੰਚੇ ਲੜਕੇ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਰੋਧੀ ਪਾਰਟੀ ਵੱਲੋਂ ਉਹਨਾਂ ਦੇ ਸਿਆਸੀ ਦਬਾਅ ਨਾਲ ਪਹਿਲਾਂ ਕਾਗਜ਼ ਰੱਦ ਕਰਵਾਏ ਗਏ ਅਤੇ ਫਿਰ ਦੇਰ ਰਾਤ ਉਹਨਾਂ ਦੇ ਘਰ ਅੱਗੇ ਢੋਲ ਵਜਾਏ ਗਏ, ਜਿਸ ਕਾਰਨ ਸਾਡਾ ਉਹਨਾਂ ਨਾਲ ਝਗੜਾ ਹੋ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੇ ਪੁੱਤ ਦਾ ਗੁੱਟ ਵੱਢ ਦਿੱਤਾ ਤੇ ਸਾਡੇ ਵੀ ਗੰਭੀਰ ਸੱਟਾਂ ਮਾਰੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
