ਹਾੜੀ ਦੀਆਂ ਫ਼ਸਲਾਂ ਲਈ ਜ਼ਿਲ੍ਹੇ ’ਚ ਡੀ ਏ ਪੀ ਖਾਦ ਦੀ ਸਪਲਾਈ ਨਿਰੰਤਰ ਜਾਰੀ

ਹਾੜੀ ਦੀਆਂ ਫ਼ਸਲਾਂ ਲਈ ਜ਼ਿਲ੍ਹੇ ’ਚ ਡੀਏਪੀ ਖਾਦ ਦੀ ਸਪਲਾਈ ਨਿਰੰਤਰ ਜਾਰੀ
-ਸਹਿਕਾਰੀ ਸਭਾਵਾਂ ਨੂੰ ਪਹਿਲ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ ਡੀਏਪੀ ਖਾਦ ਦੀ ਸਪਲਾਈ : ਡਿਪਟੀ ਕਮਿਸ਼ਨਰ
-ਜ਼ਿਲ੍ਹੇ ਦੇ 2 ਲੱਖ 30 ਹਜ਼ਾਰ ਹੈਕਟੇਅਰ ਰਕਬੇ ’ਚ ਬੀਜੀ ਜਾਣ ਵਾਲੀ ਫ਼ਸਲ ਲਈ ਕਿਸਾਨਾਂ ਨੂੰ ਡੀਏਪੀ ਖਾਦ ਸਮੇਂ ਸਿਰ ਉਪਲਬੱਧ ਕਰਵਾਈ ਜਾਵੇਗੀ : ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 3 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜੀ ਦੀਆਂ ਫ਼ਸਲਾਂ ਲਈ ਜ਼ਿਲ੍ਹੇ ’ਚ ਡੀਏਪੀ ਖਾਦ ਦੀ ਸਪਲਾਈ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਪਲਾਈ ਹੋ ਰਹੀ ਖਾਦ ਪਹਿਲ ਦੇ ਆਧਾਰ ’ਤੇ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨੂੰ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਖਾਦ ਲੈਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਹਾੜੀ ਸੀਜ਼ਨ ਦੌਰਾਨ 2 ਲੱਖ 30 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ, ਆਲੂ, ਸਰ੍ਹੋਂ ਤੇ ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਹੈ, ਇਸ ਲਈ 30 ਹਜ਼ਾਰ ਐਮ.ਟੀ. ਡੀਏਪੀ ਖਾਦ ਦੀ ਲੋੜ ਹੁੰਦੀ ਹੈ ਤੇ ਜ਼ਿਲ੍ਹੇ ਅੰਦਰ ਲਗਾਤਾਰ ਡੀਏਪੀ ਦੇ ਰੈਕ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਕਿਸਾਨਾਂ ਨੂੰ ਖਾਦ ਦੀ ਸਪਲਾਈ ਕੀਤੀ ਜਾ ਰਹੀ ਹੈ । ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਸੰਗਰਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ 263 ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਖਾਦ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹਾਲੇ ਵਾਢੀ ਸ਼ੁਰੂ ਹੋਈ ਹੈ ਪਰ ਸਹਿਕਾਰੀ ਸਭਾਵਾਂ ਵਿੱਚ ਖਾਦ ਪੁੱਜਣੀ ਸ਼ੁਰੂ ਹੋ ਚੁੱਕੀ ਹੈ ਤੇ ਜਦ ਕਿਸਾਨਾਂ ਨੂੰ ਖਾਦ ਦੀ ਜ਼ਰੂਰਤ ਹੋਵੇਗੀ ਉਸ ਸਮੇਂ ਤੱਕ ਖਾਦ ਪੂਰੀ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਖਾਦ ਦੀ 75 ਫ਼ੀਸਦੀ ਸਪਲਾਈ ਮਾਰਕਫੈੱਡ ਵੱਲੋਂ ਤੇ 25 ਫ਼ੀਸਦੀ ਈਫਕੋ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣੀ ਨੇੜਲੀ ਸਹਿਕਾਰੀ ਸਭਾ ਨਾਲ ਰਾਬਤਾ ਰੱਖਣ ਦੀ ਅਪੀਲ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਝੋਨੇ ਦੀ ਵਾਢੀ ਕਰ ਰਹੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਸਹਿਯੋਗ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਕਿਸਾਨ ਪਰਾਲੀ ਦੀ ਨਿਪਟਾਰੇ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਤਾਂ ਜੋ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਸਕੇ ਤੇ ਖਾਦਾਂ ਦੀ ਵਰਤੋਂ ’ਚ ਕਮੀ ਆਵੇ ।
