ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਬੇਲਰ ਆਪਰੇਟਰਾਂ ਅਤੇ ਸਬੰਧਤ ਸਨਅਤਕਾਰਾਂ ਨਾਲ ਮੀਟਿੰਗ

ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਬੇਲਰ ਆਪਰੇਟਰਾਂ ਅਤੇ ਸਬੰਧਤ ਸਨਅਤਕਾਰਾਂ ਨਾਲ ਮੀਟਿੰਗ
ਸੰਗਰੂਰ, 30 ਸਤੰਬਰ : ਸੰਗਰੂਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਨਿਬੇੜੇ ਨੂੰ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਵੱਲੋਂ ਬੇਲਰ ਆਪਰੇਟਰਾਂ ਅਤੇ ਸਬੰਧਤ ਸਨਅਤਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਬੇਲਰ ਆਪਰੇਟਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪਰਾਲੀ ਇਕੱਠੀ ਕਰਨ ਲਈ ਮਸ਼ੀਨਾਂ ਚਲਾਉਣ ਮੌਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਸਨਅਤੀ ਖੇਤਰ ਵਿੱਚ ਪਰਾਲੀ ਦੀ ਵਰਤੋਂ ਹੋਣ ਨਾਲ ਇਸਦੀ ਮੰਗ ਵੱਧ ਰਹੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਫੈਕਟਰੀਆਂ ਜਿੱਥੇ ਪਰਾਲੀ ਸਾੜਨ ਵਰਗੀਆਂ ਅਲਾਮਤਾਂ ਨੂੰ ਠੱਲ੍ਹਣ ਵਿੱਚ ਸਹਿਯੋਗ ਦੇ ਰਹੀਆਂ ਹਨ ਉੱਥੇ ਹੀ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਹੀਆਂ ਹਨ। ਏ. ਡੀ. ਸੀ. ਅਮਿਤ ਬੈਂਬੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬੇਲਰ ਮਸ਼ੀਨਾਂ ਦੇ ਆਪ੍ਰੇਟਰ ਮੁਫ਼ਤ ਵਿੱਚ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਲੈ ਕੇ ਜਾਂਦੇ ਹਨ ਜਿਸ ਲਈ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ‘ਤੇ ਮਾਣਯੋਗ ਸੁਪਰੀਮ ਕੋਰਟ ਅਤੇ ਐਨ.ਜੀ.ਟੀ. ਵੱਲੋਂ ਲਗਾਏ ਬੈਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ‘ਤੇ ਵਾਤਾਵਰਨ ਨੂੰ ਗੰਧਲਾ ਨਹੀਂ ਹੋਣ ਦਿੱਤਾ ਜਾਵੇਗਾ।
