ਚਿੱਟੇ ਦਿਨ ਤਿੰਨ ਨਕਾਬਪੋਸ਼ ਲੁਟੇਰਿਆਂ ਨੂੰ ਔਰਤ ਦੀ ਬਹਾਦਰੀ ਨੇ ਪਾਈਆਂ ਭਾਜੜਾਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 October, 2024, 12:13 PM

ਚਿੱਟੇ ਦਿਨ ਤਿੰਨ ਨਕਾਬਪੋਸ਼ ਲੁਟੇਰਿਆਂ ਨੂੰ ਔਰਤ ਦੀ ਬਹਾਦਰੀ ਨੇ ਪਾਈਆਂ ਭਾਜੜਾਂ
ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿਚ ਚਿੱਟੇ ਦਿਨ ਤਿੰਨ ਨਕਾਬਪੋਸ਼ ਲੁਟੇਰੇ ਘਰ ’ਚ ਲੁੱਟ ਕਰਨ ਦੀ ਨੀਅਤ ਨਾਲ ਦਾਖਲ ਹੋਏ ਜਿਨ੍ਹਾਂ ਨੂੰ ਘਰ ’ਚ ਮੌਜੂਦ ਮਹਿਲਾ ਦੀ ਬਹਾਦਰੀ ਦੇ ਚੱਲਦਿਆਂ ਖਾਲੀ ਹੱਥ ਮੁੜਨਾ ਪੈ ਗਿਆ। ਮਿਲੀ ਜਾਣਕਾਰੀ ਮੁਤਾਬਿਕ ਵੇਰਕਾ ਇਲਾਕੇ ’ਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਘਰ ’ਚ ਕੱਧ ਨੂੰ ਟੱਪ ਕੇ ਦਾਖਲ ਹੋਏ। ਇਸ ਦੌਰਾਨ ਘਰ ’ਚ ਮੌਜੂਦ ਔਰਤ ਨੇ ਲੁਟੇਰਿਆਂ ਨੂੰ ਦੇਖਦੇ ਹੀ ਦਰਵਾਜ਼ੇ ਨੂੰ ਬੰਦ ਕਰਕੇ ਰੱਖਿਆ ਅਤੇ ਜਿਆਦਾ ਚੀਕ ਚਿਖਾੜਾ ਪੈਣ ਮਗਰੋਂ ਲੁਟੇਰੇ ਉੱਥੋਂ ਭੱਜ ਗਏ। ਇਹ ਸਾਰੀ ਘਟਨਾ ਘਰ ਅੰਦਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਬਹੁਤ ਹੀ ਮੁਸ਼ਕਤ ਨਾਲ ਔਰਤ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਨੂੰ ਬਚਾਇਆ। ਮਿਲੀ ਜਾਣਕਾਰੀ ਮੁਤਾਬਿਕ ਜਿਸ ਘਰ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸੀ ਉਹ ਘਰ ਸੁਨਿਆਰੇ ਦਾ ਕੰਮ ਕਰਨ ਵਾਲੇ ਜਗਜੀਤ ਜਿਊਲਰ ਦਾ ਹੈ। ਜਗਜੀਤ ਉਸ ਸਮੇਂ ਆਪਣੀ ਦੁਕਾਨ ’ਤੇ ਮੌਜੂਦ ਸੀ ਜਦੋ ਇਹ ਘਟਨਾ ਵਾਪਰੀ ਸੀ। ਲੁਟੇਰਿਆਂ ਦੇ ਕੋਲ ਹਥਿਆਰ ਵੀ ਮੌਜੂਦ ਸੀ। ਪੀੜ੍ਹਤ ਮਹਿਲਾ ਨੇ ਦੱਸਿਆ ਕਿ ਲੁਟੇਰੇ ਘਰ ਦੀ ਕੰਧ ਨੂੰ ਟੱਪ ਕੇ ਘਰ ਅੰਦਰ ਦਾਖਲ ਹੋਏ ਸੀ ਅਤੇ ਜਿਵੇਂ ਹੀ ਉਸਨੇ ਲੁਟੇਰਿਆਂ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਹੀ ਘਰ ਅੰਦਰ ਦਰਵਾਜੇ ਨੂੰ ਬੰਦ ਕਰ ਦਿੱਤਾ। ਕਾਫੀ ਚੀਕਾਂ ਮਾਰਨ ਤੋਂ ਬਾਅਦ ਲੁਟੇਰੇ ਉੱਥੋਂ ਫਰਾਰ ਹੋ ਗਏ ਨਾਲ ਹੀ ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਥਾਣਾ ਵੇਰਕੇ ਦੇ ਪੁਲਿਸ ਥਾਣੇ ’ਤੇ ਉਨ੍ਹਾਂ ਨੇ ਫੋਨ ਵੀ ਕੀਤਾ ਸੀ ਪਰ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਗਿਆ। ਜੇਕਰ ਉਹ ਘਰ ਦਾ ਅੰਦਰ ਦਾ ਦਰਵਾਜ਼ਾ ਬੰਦ ਨਾ ਕਰਦੀ ਤਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ।