ਮੁੱਖ ਮੰਤਰੀ ਆਤਿਸ਼ੀ ਉਤਰੀ ਕੈਬਨਿਟ ਸਥਾਨਕ ਵਿਧਾਇਕਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦਿੱਲੀ ਦੀਆਂ ਸੜਕਾਂ `ਤੇ
ਮੁੱਖ ਮੰਤਰੀ ਆਤਿਸ਼ੀ ਉਤਰੀ ਕੈਬਨਿਟ ਸਥਾਨਕ ਵਿਧਾਇਕਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦਿੱਲੀ ਦੀਆਂ ਸੜਕਾਂ `ਤੇ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਸਬੰਧੀ ਮੁੱਖ ਮੰਤਰੀ ਆਤਿਸ਼ੀ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ‘ਆਪ’ ਸਰਕਾਰ ਐਕਸ਼ਨ ਵਿਚ ਹੈ। ਇਸ ਨੂੰ ਲੈ ਕੇ ਅੱਜ ਸਵੇਰੇ 6 ਵਜੇ ਤੋਂ ਸੀਐਮ ਆਤਿਸ਼ੀ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਸਥਾਨਕ ਵਿਧਾਇਕਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦਿੱਲੀ ਦੀਆਂ ਸੜਕਾਂ `ਤੇ ਹੈ। ਮੰਤਰੀ ਮੰਡਲ ਅੱਠ ਦਿਨਾਂ ਤਕ ਸੜਕਾਂ ਦਾ ਮੁਆਇਨਾ ਕਰ ਕੇ ਰਿਪੋਰਟ ਸੌਂਪੇਗਾ, ਜਿਸ ਤੋਂ ਬਾਅਦ ਅਗਲੇ ਹਫ਼ਤੇ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਅਕਤੂਬਰ ਵਿਚ ਪੂਰੀ ਦਿੱਲੀ ਦੀਆਂ ਸੜਕਾਂ ਦੀ ਮੁਰੰਮਤ ਕਰਨ ਦਾ ਦਾਅਵਾ ਕੀਤਾ ਹੈ। ਸੀਐੱਮ ਆਤਿਸ਼ੀ ਨੇ ਦੱਖਣੀ ਅਤੇ ਦੱਖਣ ਪੂਰਬੀ, ਗੋਪਾਲ ਰਾਏ ਉੱਤਰ ਪੂਰਬੀ, ਕੈਲਾਸ਼ ਗਹਿਲੋਤ ਨੇ ਪੱਛਮੀ ਅਤੇ ਦੱਖਣ ਪੱਛਮੀ, ਇਮਰਾਨ ਹੁਸੈਨ ਮੱਧ ਅਤੇ ਨਵੀਂ ਦਿੱਲੀ, ਪੂਰਬੀ ਵਿਚ ਸੌਰਭ ਭਾਰਦਵਾਜ ਅਤੇ ਮੁਕੇਸ਼ ਅਹਿਲਾਵਤ ਨੇ ਉੱਤਰੀ ਅਤੇ ਉੱਤਰੀ ਪੱਛਮੀ ਦਿੱਲੀ ਵਿਚ ਸੜਕਾਂ ਦਾ ਨਿਰੀਖਣ ਕੀਤਾ। ਨਿਰੀਖਣ ਕਰਨ ਲਈ ਦੱਖਣੀ ਦਿੱਲੀ ਪਹੁੰਚੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿਚ ਲੋਕ ਨਿਰਮਾਣ ਵਿਭਾਗ ਦੀਆਂ ਸਾਰੀਆਂ ਸੜਕਾਂ ਨੂੰ ਟੋਏ ਮੁਕਤ ਕਰਨ ਲਈ ਦਿੱਲੀ ਸਰਕਾਰ ਦੀ ਪੂਰੀ ਕੈਬਨਿਟ ਅੱਜ ਸਵੇਰੇ 6 ਵਜੇ ਤੋਂ ਗਰਾਊਂਡ ਜ਼ੀਰੋ `ਤੇ ਉਤਰ ਕੇ ਮੁਆਇਨਾ ਕਰ ਰਹੀ ਹੈ। ਇਸੇ ਲੜੀ ਤਹਿਤ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਵੇਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੇ ਇਲਾਕੇ ਦੀਆਂ ਟੁੱਟੀਆਂ ਸੜਕਾਂ ਦਾ ਮੁਆਇਨਾ ਕੀਤਾ। ਐਕਸ `ਤੇ ਪੋਸਟ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ `ਤੇ ਅੱਜ ਸਵੇਰੇ ਪੂਰਬੀ ਦਿੱਲੀ `ਚ ਮਦਰ ਡੇਅਰੀ ਦੇ ਸਾਹਮਣੇ ਸੜਕ ਦਾ ਮੁਆਇਨਾ ਕੀਤਾ। ਮਦਰ ਡੇਅਰੀ ਦੇ ਸਾਹਮਣੇ ਸੜਕ ਦੀ ਹਾਲਤ ਖਸਤਾ ਹੈ। ਕਈ ਥਾਵਾਂ `ਤੇ ਟੋਏ ਪਏ ਹੋਏ ਹਨ। ਹੁਣ ਅਗਲੇ ਦਿਨਾਂ ਵਿਚ ਇਸ ਨੂੰ ਟੋਏ-ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਸਾਜ਼ਿਸ਼ ਰਚ ਕੇ ਦਿੱਲੀ ਦੇ ਕੰਮ ਬੰਦ ਕਰਵਾਏ ਹਨ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿਚ ਜੇਲ੍ਹ ’ਚ ਡੱਕ ਦਿੱਤਾ ਤਾਂ ਜੋ ਦਿੱਲੀ ਦੇ ਲੋਕਾਂ ਦੇ ਕੰਮ ਰੁਕੇ ਅਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਹਰਾਉਣ ਦੇ ਆਪਣੇ ਕੰਮ ਤੋਂ ਰੋਕਣ ਲਈ ਹਜ਼ਾਰਾਂ ਤਰੀਕਿਆਂ ਨਾਲ ਕੋਸ਼ਿਸ਼ ਕੀਤੀ।