9 ਸਾਲਾ ਧੀ ਦਾ ਗਲਾ ਘੁਟ ਪਿਤਾ ਨੇ ਕੀਤਾ ਕਤਲ

9 ਸਾਲਾ ਧੀ ਦਾ ਗਲਾ ਘੁਟ ਪਿਤਾ ਨੇ ਕੀਤਾ ਕਤਲ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਦੀ ਸਿ਼ਵਮ ਕਾਲੋਨੀ ’ਚ ਮਤਰੇਏ ਪਿਤਾ ਨੇ ਆਪਣੀ 9 ਸਾਲਾ ਮਾਸੂਮ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।ਦੱਸਣਯੋਗ ਹੈ ਕਿ ਸ਼ਨਿਚਰਵਾਰ ਸ਼ਾਮ ਨੂੰ ਸਕੇਟਿੰਗ ਕਲਾਸ ਤੋਂ ਬਾਅਦ ਆਪਣੀ ਧੀ ਨੂੰ ਘਰ ਵਾਪਸ ਲੈ ਕੇ ਆਉਂਦੇ ਸਮੇਂ ਪਿਤਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਬੱਚੀ ਦੀ ਮਾਂ ਤੇ ਹੋਰ ਲੋਕ ਬੇਹੋਸ਼ੀ ਦੀ ਹਾਲਤ ’ਚ ਬੱਚੀ ਨੂੰ ਲੈ ਕੇ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਤਰੇਏ ਪਿਤਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਮਾਮੇ ਜੁਗਨੂੰ ਨੇ ਦੱਸਿਆ ਕਿ ਉਸਦੀ ਭੈਣ ਨੇਹਾ ਗਰਗ ਵਾਸੀ ਪਤਾਰਾ ਦਾ ਸੰਦੀਪ ਗੋਇਲ ਨਾਲ ਦੂਜਾ ਵਿਆਹ ਹੋਇਆ ਸੀ। ਨੇਹਾ ਦੀ ਨੌਂ ਸਾਲ ਦੀ ਧੀ ਮਾਨਵੀ ਉਸ ਦੇ ਮਤਰੇਏ ਪਿਤਾ ਸੰਦੀਪ ਗੋਇਲ ਨੂੰ ਪਸੰਦ ਨਹੀਂ ਸੀ। ਮਾਨਵੀ ਨੇ ਸ਼ਹਿਰ ਦੇ ਹੋਲੀ ਹਾਰਟ ਕਾਨਵੈਂਟ ਸਕੂਲ ਤੋਂ ਪੜ੍ਹਾਈ ਕੀਤੀ ਤੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਵਿਖੇ ਮੌਜੂਦ ਸਕੇਟਿੰਗ ਟਰੈਕ ’ਤੇ ਸ਼ਾਮ ਨੂੰ ਕੋਚਿੰਗ ਲਈ ਜਾਂਦੀ ਸੀ। ਸ਼ਨਿਚਰਵਾਰ ਨੂੰ ਸੰਦੀਪ ਮਾਨਵੀ ਨੂੰ ਲੈਣ ਲਈ ਟਰੈਕ ’ਤੇ ਪਹੁੰਚਿਆ ਪਰ ਰਾਤ 9 ਵਜੇ ਤੱਕ ਵੀ ਘਰ ਨਹੀਂ ਪਰਤਿਆ। ਮਾਨਵੀ ਦੀ ਮਾਂ ਨੇਹਾ ਨੇ ਸੰਦੀਪ ਨੂੰ ਕਈ ਵਾਰ ਫੋਨ ਕੀਤਾ। ਰਾਤ 9 ਵਜੇ ਤੋਂ ਬਾਅਦ ਸੰਦੀਪ ਬੇਟੀ ਮਾਨਵੀ ਨੂੰ ਲੈ ਕੇ ਘਰ ਪਹੁੰਚਿਆ। ਸੰਦੀਪ ਜਿਵੇਂ ਹੀ ਕਾਰ ਤੋਂ ਹੇਠਾਂ ਉਤਰਿਆ ਤਾਂ ਉਸਨੇ ਆਪਣੀ ਪਤਨੀ ਨੇਹਾ ਨੂੰ ਦੱਸਿਆ ਕਿ ਮਾਨਵੀ ਦੀ ਤਬੀਅਤ ਵਿਗੜ ਗਈ ਹੈ। ਮਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਕਾਰ ’ਚ ਬੇਹੋਸ਼ ਪਈ ਸੀ। ਜਦੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ।ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਲਈ ਤਿੰਨ ਡਾਕਟਰਾਂ ਡਾ. ਪੂਨਮ ਧੀਰ, ਡਾ. ਰਮਨਵੀਰ ਕੌਰ, ਡਾ. ਤਰੁਣ ਆਹੂਜਾ ’ਤੇ ਆਧਾਰਿਤ ਬੋਰਡ ਬਣਾਇਆ ਗਿਆ ਹੈ। ਬੱਚੀ ਦੀ ਮਾਂ ਨੇਹਾ ਨੇ ਆਪਣੇ ਪਤੀ ਸੰਦੀਪ ਗੋਇਲ ’ਤੇ ਮਾਨਵੀ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਸੰਦੀਪ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਲੜਕੀ ਦਾ ਕਤਲ ਕਿਵੇਂ ਹੋਇਆ। ਫਿਲਹਾਲ ਮਾਂ ਨੇਹਾ ਨੇ ਗਲਾ ਘੁੱਟ ਕੇ ਹੱਤਿਆ ਦਾ ਸ਼ੱਕ ਜਤਾਇਆ ਹੈ।
