ਪੰਜਾਬ ਦੇ ਗੋਦਾਮ ਚੋਲਾਂ ਅਤੇ ਕਣਕ ਨਾਲ ਨੱਕੋਨੱਕ ਭਰੇ ਪਏ ਹਨ : ਬਹਿਰੂ

ਪੰਜਾਬ ਦੇ ਗੋਦਾਮ ਚੋਲਾਂ ਅਤੇ ਕਣਕ ਨਾਲ ਨੱਕੋਨੱਕ ਭਰੇ ਪਏ ਹਨ : ਬਹਿਰੂ
ਪਟਿਆਲਾ : ਪੰਜਾਬ ਦੇ ਗੋਦਾਮ ਚੋਲਾਂ ਅਤੇ ਕਣਕ ਨਾਲ ਨੱਕੋਨੱਕ ਭਰੇ ਪਏ ਹਨ। ਇਸ ਗੰਭੀਰ ਮਸਲੇ ਵੱਲ ਨਾ ਕੇਂਦਰ ਸਰਕਾਰ ਨਾ ਹੀ ਪੰਜਾਬ ਸਰਕਾਰ ਇਸ ਪਾਸੇ ਧਿਆਨ ਦਿੱਤਾ ਹੈ। ਹੁਣ ਜਦੋਂ ਜੀਰੀ ਦੀ ਫਸਲ ਮੰਡੀਆ ਵਿੱਚ ਆਉਂਣੀ ਸ਼ੁਰੂ ਹੋਈ ਤਾਂ ਆੜਤੀਆਂ ਅਤੇ ਸੈਲਰ ਐਸੋਸੀਏਸ਼ਨਾਂ ਅਤੇ ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਆਪਣੀ ਜਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਨ ਇਸ ਵਿਸਫੋਟਿਕ ਮਸਲੇ ਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਨੱਕੋ ਨੱਕ ਭਰੇ ਸਟੌਰਾਂ ਬਾਰੇ ਕੇਂਦਰ ਸਰਕਾਰ ਤੱਕ ਪਹੁੰਚ ਨਹੀ ਕੀਤੀ ਜਦੋਂ ਕਿ ਪਿਛਲੇ 3 ਮਹੀਨਿਆਂ ਤੋਂ ਕਿਸਾਨ ਆੜਤੀ ਸੈਲਰ ਮਾਲਕ ਦੁਹਾਈ ਦੇ ਰਹੇ ਹਨ ਕਿ ਜੇਕਰ ਗੋਦਾਮ ਖਾਲੀ ਨਾ ਹੋਏ ਤਾਂ ਜੀਰੀ ਦੀ ਖਰੀਦੀ ਫਰੋਖਤ ਵਿੱਚ ਵੱਡਾ ਵਿਘਨ ਪਵੇਗਾ।
ਸ੍ਰ. ਬਹਿਰੂ ਨੇ ਆੜਤੀਆਂ ਸੈਲਰ ਐਸੋਸੀਏਸ਼ਨਾਂ ਅਤੇ ਮਜਦੂਰ ਜਥੇਬੰਦੀਆਂ ਦੀਆਂ ਜਾਇਜ ਮੰਗਾਂ ਦੀ ਹਮਾਇਤ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਨੂੰ ਖਬਰਦਾਰ ਕੀਤਾ ਹੈ ਕਿ ਜੇਕਰ ਸਰਕਾਰਾਂ ਨੇ ਟਾਲ ਮਟੋਲ ਦੀ ਨੀਤੀ ਨਾ ਬਦਲੀ ਤਾਂ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਖਤਰਨਾਕ ਹੋ ਸਕਦੀ ਹੈ। ਇਸ ਲਈ ਫੋਰੀ ਤੌਰ ਤੇ ਸਰਕਾਰਾਂ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਤਾਂ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਖਜਲ ਖੁਆਰੀ ਨਾ ਹੋਵੇ।
ਸ੍ਰ. ਬਹਿਰੂ ਨੇ ਹੜਤਾਲ ਤੇ ਗਏ ਆੜਤੀਆਂ ਅਤੇ ਸੈਲਰ ਮਾਲਕਾਂ ਨੂੰ ਵੀ ਸੁਆਲ ਕੀਤਾ ਕਿ ਜਦੋਂ ਤੁਹਾਡੀਆਂ ਜਾਇਜ ਮੰਗਾਂ ਅਤੇ ਸਟੋਰੇਜ਼ ਸਮੱਸਿਆ ਆਉਣ ਵਾਲੀ ਸੀ ਤਾਂ ਤੁਸੀਂ ਜਨਤਕ ਤੌਰ ਤੇ ਕਿਸਾਨਾਂ ਜੱਥੇਬੰਦੀਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਅਤੇ ਦਿੱਲੀ ਵਿਖੇ ਸਰਕਾਰਾਂ ਦਾ ਪਿੱਟ ਸਿਆਪਾ ਕਿਉਂ ਨਹੀਂ ਕੀਤਾ। ਉਹਨਾ ਕਿਹਾ ਕਿ ਹਰ ਵਾਰ ਜਦੋਂ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੁੰਦੀ ਹੈ ਉਦੋਂ ਹੀ ਤੁਸੀਂ ਹੜਤਾਲ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਦੇ ਹੋ। ਉਹਨਾਂ ਆੜਤੀ ਵੀਰਾਂ ਨੂੰ ਯਾਦ ਕਰਵਾਇਆ ਕਿ ਜਦੋਂ ਦੇਸ਼ ਦੇ ਹੈਂਕੜਬਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਕਾਲੇ ਕਾਨੂੰਨ ਲਿਆ ਕੇ ਪੂਰੇ ਮੰਡੀਕਰਨ ਨੂੰ ਤਬਾਹ ਕਰਨ ਵਾਲੇ ਸਨ ਤਾਂ ਉਦੋ ਪੰਜਾਬ ਦੇ ਕਿਸਾਨਾਂ ਨੇ ਲੰਬਾ ਅੰਦੋਲਨ ਕਰਕੇ ਮੰਡੀਕਰਨ ਅਤੇ ਤੁਹਾਡੇ ਕਾਰੋਬਾਰ ਦੀ ਰਾਖੀ ਕੀਤੀ ਸੀ।
